ਪੁਲਿਸ ਵੱਲੋਂ ‘ਸੰਪਰਕ ਮੁਹਿੰਮ’ ਤਹਿਤ ਪਿੰਡ ਜਲਾਲਦੀਵਾਲ ’ਚ ਜਨਤਕ ਮੀਟਿੰਗ

ਰਾਏਕੋਟ, 09 ਜਨਵਰੀ 2025 : ਸੂਬੇ ਵਿੱਚ ਨਸ਼ਿਆਂ ਤੇ ਕਾਬੂ ਪਾਉਣ ਲਈ ਸਰਕਾਰ ਵੱਲੋਂ ਸ਼ੁਰੂ ਕੀਤੀ ਸੰਪਰਕ ਮੁਹਿੰਮ ਤਹਿਤ ਅੱਜ ਨੇੜਲੇ ਪਿੰਡ ਜਲਾਲਦੀਵਾਲ ਵਿਖੇ ਥਾਣਾ ਸਦਰ ਪੁਲਿਸ ਵੱਲੋਂ ਜਨਤਕ ਮੀਟਿੰਗ ਕੀਤੀ ਗਈ, ਇਸ ਮੌਕੇ ਪੁੱਜੇ ਥਾਣਾ ਸਦਰ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਨਾਲ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ‘ਸੰਪਰਕ ਮੁਹਿੰਮ’ ਚਲਾਈ ਹੋਈ ਹੈ ਤਾਂ ਜੋ ਪੁਲਿਸ ਤੇ ਪਬਲਿਕ ਵੱਲੋਂ ਇੱਕ-ਜੁੱਟ ਹੋ ਕੇ ਨਸ਼ਿਆਂ ਦੇ ਖਾਤਮੇ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾਣ ਅਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਪੂਰੀ ਮੁਸਤੈਦੀ ਨਾਲ ਯਤਨ ਕੀਤੇ ਜਾ ਰਹੇ ਹਨ ਪ੍ਰੰਤੂ ਲੋਕਾਂ ਦੇ ਸਹਿਯੋਗ ਨਾਲ ਹੀ ਨਸ਼ਿਆਂ ’ਤੇ ਨਕੇਲ ਕਸੀ ਜਾ ਸਕਦੀ ਹੈ। ਇਸ ਲਈ ਲੋਕ ਆਪਣੀ ਜਿੰਮੇਵਾਰੀ ਨੂੰ ਸਮਝਦੇ ਹੋਏ ਨਸ਼ਾਂ ਤਸਕਰਾਂ ਖਿਲਾਫ਼ ਅਤੇ ਨਸ਼ਾਂ ਪੀੜਤਾਂ ਨੂੰ ਬਚਾਉਣ ਲਈ ਅੱਗੇ ਆਉਣ। ਇਸ ਮੌਕੇ ਥਾਣਾ ਮੁੱਖੀ ਨੇ ਜਿਥੇ ਪਿੰਡਵਾਸੀਆਂ ਨੂੰ ਨਸ਼ਾਂ ਤਸਕਰਾਂ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ, ਉਥੇ ਹੀ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਆਪਣੇ ਗਲਤ ਕੰਮ ਬੰਦ ਕਰਨ ਦੀ ਤਾੜਨਾ ਕੀਤੀ। ਇਸ ਮੌਕੇ ਚੌਂਕੀ ਇੰਚਾਰਜ ਕੁਲਦੀਪ ਕੁਮਾਰ ਨੇ ਕਿਹਾ ਕਿ ਪੁਲਿਸ ਚੌਂਕੀ ਜਲਾਲੀਦਵਾਲ ਇਲਾਕੇ ਦੇ ਲੋਕਾਂ ਦੀ ਸੁਰੱਖਿਆ ਤੇ ਮਦਦ ਲਈ ਪੂਰੀ ਤਰ੍ਹਾਂ ਤੱਤਪਰ ਹੈ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਲੋਕਾਂ ਦੀਆਂ ਮੁਸ਼ਲਿਕਾਂ ਤੇ ਸਮੱਸਿਆਵਾਂ ਸੁਣੀਆਂ। ਮੀਟਿੰਗ ਦੌਰਾਨ ਪਿੰਡ ਜਲਾਲਦੀਵਾਲ ਦੇ ਸਰਪੰਚ ਪਿ੍ਰਤਪਾਲ ਸਿੰਘ ਤੇ ਪਿੰਡਵਾਸੀਆਂ ਨੇ ਨਸ਼ਿਆਂ ਦੀ ਰੋਕਥਾਮ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਮੇਂ ਪੰਚ ਨਿਰਭੈ ਸਿੰਘ, ਪੰਚ ਸੁਖਦਰਸ਼ਨ ਸਿੰਘ, ਪੰਚ ਬੂਟਾ ਸਿੰਘ, ਪੰਚ ਬਸੰਤ ਸਿੰਘ, ਕਾਮਰੇਡ ਸੁਰਿੰਦਰ ਸਿੰਘ, ਕਾਮਰੇਡ ਅਮਰ ਸਿੰਘ, ਸਰਪੰਚ ਗੁਰਦੇਵ ਸਿੰਘ ਕਾਲਸਾ ਆਦਿ ਆਗੂਆਂ ਸਮੇਤ ਵੱਡੀ ਗਿਣਤੀ ’ਚ ਪਿੰਡਵਾਸੀ ਮੌਜੂਦ ਸਨ।