
- ਅਰਜੀਆਂ ਆਨਲਾਇਨ 12 ਮਈ ਸ਼ਾਮ 5 ਵਜੇ ਤੱਕ ਜਮਾ ਕਰਵਾਈ ਜਾ ਸਕਦੀਆਂ ਹਨ
ਸ੍ਰੀ ਮੁਕਤਸਰ ਸਾਹਿਬ, 21 ਅਪ੍ਰੈਲ 2025 : ਪੰਜਾਬ ਸਰਕਾਰ ਦੇ ਨਿਰਦੇਸ਼ਾਂ ਸਦਕਾ ਰਾਜ ਵਿੱਚ ਪਰਾਲੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਨ ਅਤੇ ਫਸਲਾਂ ਦੀ ਰਹਿੰਦ ਖੁੰਦ ਸਾੜਨ ਨੂੰ ਰੋਕਣ ਲਈ ਕ੍ਰਾਪ ਰੈਜ਼ੀਡੂ ਮੈਨੇਜਮੈਂਟ (ਸੀ ਆਰ ਐਮ) ਸਕੀਮ ਸਾਲ 2025-26 ਤਹਿਤ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਸ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਸਕੀਮ ਤਹਿਤ ਮਸ਼ੀਨਰੀ ਉੱਤੇ ਸਰਕਾਰੀ ਸਬਸਿਡੀ ਲਈ ਆਨਲਾਈਨ ਅਰਜ਼ੀਆਂ 22 ਅਪ੍ਰੈਲ 2025 ਤੋਂ ਲੈਕੇ 12 ਮਈ 2025 ਸ਼ਾਮ 5 ਵਜੇ ਤੱਕ ਮੰਗੀਆਂ ਹਨ। ਕਿਸਾਨ ਭਰਾ ਆਪਣੀ ਅਰਜ਼ੀ ਸਰਕਾਰੀ ਵੈੱਬਸਾਈਟ www.agrimachinerypb.com 'ਤੇ ਐੱਪਲਾਈ ਕਰ ਸਕਦੇ ਹਨ। ਇਸ ਸਕੀਮ ਅਧੀਨ ਵੱਖ ਵੱਖ ਮਸ਼ੀਨਰੀ ਜਿਵੇਂ ਕਿ ਸੁਪਰਐੱਸ.ਐੱਮ.ਐੱਸ., ਬੇਲਰ, ਰੇਕ, ਹੈਪੀਸੀਡਰ, ਸੁਪਰਸੀਡਰ, ਸਮਾਰਟਸੀਡ, ਜ਼ੀਰੋ ਟਿੱਲ ਡ੍ਰਿੱਲ ਆਦਿ ਸਬਸੀਡੀ' ਤੇ ਉਪਲਬਧ ਹਨ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਹ ਸਕੀਮ ਕਿਸਾਨਾਂ ਨੂੰ ਪਰਾਲੀ ਅਤੇ ਫਸਲਾਂ ਦੀ ਰਹਿੰਦ ਖੁੰਦ ਸਾੜਣ ਤੋਂ ਰੋਕ ਕੇ ਵਾਤਾਵਰਨ ਮਿੱਤ੍ਰ ਤਰੀਕੇ ਨਾਲ ਪਰਾਲੀ ਨੂੰ ਖੇਤ ਵਿੱਚ ਮਿਲਾਉਣ ਲਈ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੁਕਤਸਰ ਸਾਹਿਬ ਨੂੰ “ਜ਼ੀਰੋ ਸਟਬਲ ਬਰਨਿੰਗ ਡਿਸਟ੍ਰਿਕਟ” ਬਣਾਉਣਾ ਸਾਡਾ ਮੰਤਵਾ ਹੈ ਅਤੇ ਇਸ ਲਹਿਰ ਵਿੱਚ ਹਰੇਕ ਕਿਸਾਨ ਦਾ ਸਹਯੋਗ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੀ ਅਰਜ਼ੀ ਭਰਨ ਦੌਰਾਨ ਕੁਛ ਜ਼ਰੂਰੀ ਸਾਵਧਾਨੀਆਂ ਵਰਤਣ ਜਿਵੇਂ ਕਿ ਆਪਣਾ ਨਾਂ, ਪਿਤਾ/ਪਤੀ ਦਾ ਨਾਂ, ਆਧਾਰ ਨੰਬਰ, ਖਾਤਾ ਨੰਬਰ ਅਤੇ ਚੁਣੀ ਹੋਈ ਮਸ਼ੀਨ ਸਹੀ ਤਰੀਕੇ ਨਾਲ ਦਰਜ ਕਰੇ ਅਤੇ ਫਾਰਮ ਭੇਜਣ ਤੋਂ ਪਹਿਲਾਂ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਦੁਬਾਰਾ ਚੈੱਕ ਕਰੇ, ਤਾਂ ਜੋ ਗਲਤੀਆਂ ਕਾਰਨ ਅਰਜ਼ੀ ਰੱਦ ਨਾ ਹੋਵੇ। ਉਨ੍ਹਾਂ ਦੱਸਿਆ ਗਿਆ ਕਿ ਇਸ ਸਕੀਮ ਅਧੀਨ ਕੇਵਲ ਆਨ ਲਾਈਨ ਅਰਜ਼ੀਆਂ ਹੀ ਸਵੀਕਾਰ ਕੀਤੀਆਂ ਜਾਣਗੀਆਂ। ਸਕੀਮ ਨਾਲ ਜੁੜੀਆਂ ਹੋਰ ਜਾਣਕਾਰੀਆਂ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਵਿੱਚ ਰਾਬਤਾ ਕਰ ਸਕਦੇ ਹਨ । ਸ.ਗਿੱਲ ਨੇ ਅਪੀਲ ਕੀਤੀ ਕਿ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਸਮੇਂ ਸਿਰ ਆਨਲਾਈਨ ਅਰਜ਼ੀ ਭਰਨ ਅਤੇ ਸਰਕਾਰੀ ਸਹਾਇਤਾ ਨਾਲ ਲਾਭ ਪ੍ਰਾਪਤ ਕਰਨ। ਇਹ ਯਤਨ ਨਾਂ ਸਿਰਫ਼ ਆਪਣੇ ਖੇਤਾਂ ਦੀ ਉਪਜਾਊਤਾ ਵਧਾਉਣ ਲਈ ਹੈ, ਸਗੋਂ ਵਾਤਾਵਰਨ, ਹਵਾ ਅਤੇ ਆਉਣ ਵਾਲੀ ਪੀੜ੍ਹੀ ਦੀ ਸੁਰੱਖਿਆ ਲਈ ਵੀ ਬਹੁਤ ਜ਼ਰੂਰੀ ਹੈ।