- ਵਿਧਾਇਕ ਗੁਰਲਾਲ ਘਨੌਰ, ਹਰਮੀਤ ਪਠਾਣਮਾਜਰਾ ਤੇ ਕੁਲਵੰਤ ਬਾਜ਼ੀਗਰ ਵੀ ਰਹੇ ਮੌਜੂਦ
- ਪਰਦੀਪ ਜੋਸ਼ਨ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਬਣੇ, ਘਨੌਰ ਦੀ ਪ੍ਰਧਾਨ ਚੁਣੀ ਮਨਦੀਪ ਕੌਰ ਹੰਜਰਾ
- ਨਗਰ ਪੰਚਾਇਤ ਦੇਵੀਗੜ੍ਹ ਦੇ ਪ੍ਰਧਾਨ ਤੇ ਘੱਗਾ ਦੇ ਪ੍ਰਧਾਨ ਬਣੇ ਮਿੱਠੂ ਸਿੰਘ
- ਪੰਜਾਬ ਸਰਕਾਰ ਦੀ ਮੁੱਖ ਤਰਜੀਹ ਜਵਾਬਦੇਹੀ ਤੇ ਪਾਰਦਰਸ਼ੀ ਸੇਵਾਵਾਂ ਮੁਹੱਈਆਂ ਕਰਵਾਉਣਾ - ਹਰਦੀਪ ਸਿੰਘ ਮੁੰਡੀਆਂ
- ਨਵੀਆਂ ਚੁਣੀਆਂ ਸਥਾਨਕ ਸਰਕਾਰ ਇਕਾਈਆਂ ਨੂੰ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ-ਵਿਧਾਇਕ ਪਠਾਣਮਾਜਰਾ, ਘਨੌਰ, ਬਾਜ਼ੀਗਰ
ਪਟਿਆਲਾ, 9 ਜਨਵਰੀ 2025 : ਪੰਜਾਬ ਦੇ ਮਾਲ, ਮੁੜ ਵਸੇਬਾ, ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਨਗਰ ਕੌਂਸਲ ਸਨੌਰ ਸਮੇਤ ਘਨੌਰ, ਦੇਵੀਗੜ੍ਹ ਤੇ ਘੱਗਾ ਦੀਆਂ ਨਗਰ ਪੰਚਾਇਤਾਂ ਦੇ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਸਮਾਗਮਾਂ ਦੀ ਪ੍ਰਧਾਨਗੀ ਕੀਤੀ ਅਤੇ ਬਾਅਦ ਵਿੱਚ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਈ। ਉਨ੍ਹਾਂ ਦੇ ਨਾਲ ਸਨੌਰ ਦੇ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਘਨੌਰ ਦੇ ਐਮ.ਐਲ.ਏ. ਗੁਰਲਾਲ ਘਨੌਰ ਅਤੇ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਮੌਜੂਦ ਰਹੇ। ਤਿੰਨੋ ਵਿਧਾਇਕਾਂ ਨੇ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਹ ਇਨ੍ਹਾਂ ਸ਼ਹਿਰਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਨਗਰ ਪੰਚਾਇਤ ਘਨੌਰ ਦੀਆਂ 11 ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੀ ਦੇ ਕੌਂਸਲਰਾਂ ਦੀ ਚੋਣ ਬਹੁਸੰਮਤੀ ਨਾਲ ਹੋਈ ਸੀ, ਜਿਨ੍ਹਾਂ ਵੱਲੋਂ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਸਹੁੰ ਚੁੱਕ ਸਮਾਗਮ ਰੱਖਿਆ ਗਿਆ।ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਦੀ ਮੌਜੂਦਗੀ ਵਿੱਚ ਪ੍ਰਧਾਨਗੀ ਪਦ ਲਈ ਸੀਨੀਅਰ ਯੂਥ ਆਗੂ ਪਰਮਿੰਦਰ ਸਿੰਘ ਪੰਮਾ ਦੀ ਧਰਮਪਤਨੀ ਕੌਂਸਲਰ ਮਨਦੀਪ ਕੌਰ ਹੰਜਰਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ। ਇਸੇ ਤਰ੍ਹਾਂ ਘਨੌਰ ਨਗਰ ਪੰਚਾਇਤ ਦੇ ਸੀਨੀਅਰ ਮੀਤ ਪ੍ਰਧਾਨ ਵਜੋਂ ਅੰਕਿਤ ਸੂਦ ਤੇ ਮੀਤ ਪ੍ਰਧਾਨ ਵਜੋਂ ਰਵੀ ਘਨੌਰ ਨੂੰ ਚੁਣਿਆ ਗਿਆ। ਜਦੋਂਕਿ ਨਗਰ ਕੌਂਸਲ ਸਨੌਰ ਦੇ ਚੁਣੇ ਕੌਂਸਲਰਾਂ ਨੂੰ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਸਹੁੰ ਚੁਕਾਈ ਗਈ। ਇਸ ਦੌਰਾਨ ਸਰਬਸੰਮਤੀ ਨਾਲ ਪਰਦੀਪ ਜੋਸ਼ਨ ਨੂੰ ਪ੍ਰਧਾਨ ਚੁਣ ਲਿਆ ਗਿਆ ਅਤੇ ਸੀਨੀਅਰ ਮੀਤ ਪ੍ਰਧਾਨ ਵਜੋਂ ਨਰਿੰਦਰ ਤੱਖਰ ਨੂੰ ਅਤੇ ਮੀਤ ਪ੍ਰਧਾਨ ਵਜੋਂ ਕੰਵਲਜੀਤ ਕੌਰ ਨੂੰ ਚੁਣਿਆ ਗਿਆ। ਇਸੇ ਤਰ੍ਹਾਂ ਨਗਰ ਪੰਚਾਇਤ ਦੇਵੀਗੜ੍ਹ ਵਿਖੇ ਵੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਅਗਵਾਈ ਹੇਠ ਨਵੇਂ 13 ਕੌਂਸਲਰਾਂ ਨੂੰ ਅਹੁਦੇ ਦੀ ਸਹੁੰ ਚੁਕਾ ਕੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ। ਇਸ ਵਿੱਚ ਸ਼ਵਿੰਦਰ ਕੌਰ ਧੰਜੂ ਨੂੰ ਪ੍ਰਧਾਨ, ਲਖਵੀਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਅਮਰਜੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਦੌਰਾਨ ਨਗਰ ਪੰਚਾਇਤ ਘੱਗਾ ਦੇ ਚੁਣੇ 13 ਕੌਂਸਲਰਾਂ ਨੂੰ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਅਗਵਾਈ ਹੇਠ ਸਹੁੰ ਚੁਕਾਈ ਗਈ ਅਤੇ ਸਰਬਸੰਮਤੀ ਨਾਲ ਮਿੱਠੂ ਸਿੰਘ ਨੂੰ ਪ੍ਰਧਾਨ, ਸ਼ਕਤੀ ਗੋਇਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਸਵੰਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਸਹੁੰ ਚੁੱਕ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਨਵੇਂ ਕੌਂਸਲਰਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਸੂਬਾ ਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਬਿਹਤਰ ਨਾਗਰਿਕ ਸੇਵਾਵਾਂ ਦੇਣਾਂ ਪ੍ਰਮੁੱਖ ਪਹਿਲ ਹੈ। ਉਨ੍ਹਾਂ ਕਿਹਾ ਕਿ ਇਸੇ ਵਚਨਬੱਧਤਾ ਉੱਤੇ ਡੱਟ ਕੇ ਪਹਿਰਾ ਦਿੱਤਾ ਜਾਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸਰਕਾਰ ਵਾਅਦੇ ਨਹੀਂ ਗਾਰੰਟੀ ਦਿੰਦੀ ਹੈ ਜੋ ਹਰ ਹੀਲੇ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਸਰਕਾਰ ਦੀ ਮੁੱਖ ਤਰਜੀਹ ਜਵਾਬਦੇਹੀ ਤੇ ਪਾਰਦਰਸ਼ੀ ਸੇਵਾਵਾਂ ਮੁਹੱਈਆਂ ਕਰਵਾਉਣਾ ਹੈ। ਨਗਰ ਕੌਂਸਲ ਸਨੌਰ ਸਮੇਤ ਬਾਕੀ ਸਾਰੀਆਂ ਨਗਰ ਪੰਚਾਇਤਾਂ ਦੇ ਨਵੇਂ ਚੁਣੇ ਗਏ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੇ ਵਿਧਾਇਕਾਂ ਸਮੇਤ ਆਪਣੇ ਸ਼ਹਿਰ ਨਿਵਾਸੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਮਿਲੀ ਜਿੰਮੇਵਾਰੀ ਨੂੰ ਬਿਨਾ ਕਿਸੇ ਭੇਦ ਭਾਵ ਦੇ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ, ਐਸ.ਡੀ.ਐਮ. ਪਟਿਆਲਾ ਮਨਜੀਤ ਕੌਰ, ਐਸ.ਡੀ.ਐਮ. ਦੂਧਨ ਸਾਧਾਂ ਕਿਰਪਾਲਵੀਰ ਸਿੰਘ ਤੇ ਐਸ.ਡੀ.ਐਮ ਪਾਤੜਾਂ ਅਸ਼ੋਕ ਕੁਮਾਰ ਸਮੇਤ ਕਾਰਜ ਸਾਧਕ ਅਫ਼ਸਰ ਚੇਤਨ ਸ਼ਰਮਾ, ਲਖਬੀਰ ਸਿੰਘ ਤੇ ਰਾਕੇਸ਼ ਅਰੋੜਾ ਤੇ ਹੋਰ ਅਹੁਦੇਦਾਰ ਮੌਜੂਦ ਸਨ।