ਐਚ.ਐਮ.ਪੀ.ਵੀ ਤੋਂ ਬਚਾਅ ਲਈ ਰਹੋ ਸਾਵਧਾਨ, ਡਰਨ ਦੀ ਕੋਈ ਲੋੜ ਨਹੀਂ: ਸਿਵਲ ਸਰਜਨ ਡਾ.ਗੁਰਪ੍ਰੀਤ ਸਿੰਘ ਰਾਏ 

ਤਰਨ ਤਾਰਨ, 8 ਜਨਵਰੀ 2025 : ਜ਼ਿਲਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਹਿਊਮਨ ਮੈਟਾਪਨੀਓਮੋਵਾਇਰਸ (ਐਚ.ਐਮ.ਪੀ.ਵੀ) ਸਬੰਧੀ ਜਿਲੇ ਦੇ ਨਾਗਰਿਕ ਕਿਸੇ ਤਰ੍ਹਾਂ ਦੀ ਚਿੰਤਾ ਕਰਨ ਦੀ ਬਜਾਏ ਸਵੈ-ਸੁਰੱਖਿਆ ਨੂੰ ਕਾਇਮ ਰੱਖਣ ਦੀ ਸਲਾਹ ਦਿੱਤੀ। ਉਹਨਾਂ ਕਿਹਾ ਕਿ ਲੋਕਾਂ ਨੂੰ ਇਸ ਵਾਇਰਸ ਤੋਂ ਡਰਨ ਦੀ ਬਿਲਕੁਲ ਵੀ ਲੋੜ ਨਹੀਂ ਸਗੋਂ ਨਾਗਰਿਕ ਇਸ ਵਾਇਰਸ ਵਿਰੁੱਧ ਸਾਵਧਾਨ ਅਤੇ ਚੌਕਸ ਰਹਿਣ। ਡਾਕਟਰ ਰਾਏ ਨੇ ਕਿਹਾ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਹੈ ਅਤੇ ਇਸ ਦੇ ਪ੍ਰਮੁੱਖ ਲੱਛਣ ਬੁਖਾਰ,ਖੰਗ, ਜੁਕਾਮ, ਨੱਕ ਵਗਣਾ ਆਦਿ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹੇ ਲੱਛਣ ਚਾਰ ਪੰਜ ਦਿਨਾਂ ਤੋਂ ਵੱਧ ਰਹਿਣ ਤਾਂ ਵਿਅਕਤੀ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰੇ। ਉਹਨਾਂ ਕਿਹਾ ਕਿ ਛੋਟੇ ਬੱਚਿਆਂ ਦੇ ਮਾਪੇ ਅਤੇ ਵੱਡੀ ਉਮਰ ਦੇ ਬਜ਼ੁਰਗਾਂ ਦੇ ਪਰਿਵਾਰ ਵਾਲੇ ਇਸ ਵਾਇਰਸ ਤੋਂ ਬਚਾ ਲਈ ਵਿਸ਼ੇਸ਼ ਧਿਆਨ ਰੱਖਣ ਤੇ ਲੋੜ ਅਨੁਸਾਰ ਹੀ ਘਰੋਂ ਬਾਹਰ ਨਿਕਲਣ।   ਇਸ ਤੋਂ ਇਲਾਵਾ ਡਾਕਟਰ ਰਾਏ ਨੇ ਕਿਹਾ ਕਿ ਜਿਹੜੇ ਲੋਕ ਕਿਸੇ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਹਨ ਉਹ ਵੀ ਬਾਹਰ ਆਉਣ ਜਾਣ ਵੇਲੇ ਮੂੰਹ ਢੱਕਣ। ਉਹਨਾਂ ਕਿਹਾ ਕਿ ਵਿਅਕਤੀ ਘਰ ਵਿੱਚ ਦਾਖਲ ਹੋਣ ਉਪਰੰਤ ਆਪਣੇ ਹੱਥਾਂ ਨੂੰ ਚੰਗੀ ਸਾਬਣ ਨਾਲ ਧੋਵੇ। ਉਹਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਨਜ਼ਲਾ, ਜੁਕਾਮ ਬੁਖਾਰ ਵਰਗੇ ਲੱਛਣ ਆ ਰਹੇ ਹਨ ਤਾਂ ਉਹ ਸਾਵਧਾਨੀ ਵਰਤਣ ਅਤੇ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਦਵਾਈ ਨਾ ਲੈਣ।