- ਸਾਂਸ, ਟੀਬੀ ਜਾਗਰੂਕਤਾ ਮੁਹਿੰਮ, ਅਨਮੀਆ ਭਾਰਤ ਅਤੇ ਟੀਕਾਕਰਨ ਮੁਹਿੰਮ ਬਾਰੇ ਹੋਈ ਅਹਿਮ ਮੀਟਿੰਗ
ਤਰਨ ਤਾਰਨ, 17 ਦਸੰਬਰ 2024 : ਜ਼ਿਲ੍ਹਾ ਤਰਨ ਤਾਰਨ ਦੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਵੱਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਹੋਇਆਂ ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਦੀ ਯੋਗ ਅਗਵਾਈ ਹੇਠ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤੇ ਸਮੀਖਿਆ ਸਬੰਧੀ ਦਫਤਰ ਸਿਵਿਲ ਸਰਜਨ ਵਿਖੇ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਬਲਾਕਾਂ ਤੋਂ ਬਲਾਕ ਐਕਸਟੈਂਸ਼ਨ ਐਜੂਕੇਟਰਾਂ ਅਤੇ ਮਲਟੀਪਰਪਜ ਹੈਲਥ ਸੁਪਰਵਾਈਜ਼ਰਾਂ (ਫੀਮੇਲ) ਵੱਲੋਂ ਹਿੱਸਾ ਲਿਆ ਗਿਆ। ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੇ ਬੱਚਿਆਂ ਦੇ ਟੀਕਾਕਰਨ, ਅਨੀਮੀਆ ਮੁਕਤ ਭਾਰਤ, ਸਾਂਸ ਪ੍ਰੋਗਰਾਮ ਅਤੇ 100 ਦਿਨੀ ਟੀਬੀ ਜਾਗਰੂਕਤਾ ਮੁਹਿੰਮ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਿਹਤ ਪ੍ਰੋਗਰਾਮ ਬਾਰੇ ਸਿਹਤ ਕਰਮੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਤਾਂ ਜੋ ਇਸ ਦਾ ਲਾਭ ਵੱਡੀ ਗਿਣਤੀ ਦੇ ਵਿੱਚ ਨਾਗਰਿਕਾਂ ਨੂੰ ਪਹੁੰਚ ਸਕੇ। ਇਸ ਤੋਂ ਇਲਾਵਾ ਡਾਕਟਰ ਰਾਏ ਨੇ ਕਿਹਾ ਕਿ ਵਿਭਾਗ ਵੱਲੋਂ ਸਾਂਸ ਮੁਹਿੰਮ ਵੀ ਚਲਾਈ ਜਾ ਰਹੀ ਹੈ ਜੋ ਕਿ ਫਰਵਰੀ 28 ਤੱਕ ਚੱਲੇਗੀ ਇਸ ਦੌਰਾਨ, 0 ਤੋਂ 5 ਸਾਲਾਂ ਦੇ ਬੱਚਿਆਂ ਦੇ ਵਿੱਚ ਨਿਮੋਨੀਆ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਬੱਚਾ ਨਿਮੋਨੀਆ ਵਰਗੀ ਨਾਮੁਰਾਦ ਬਿਮਾਰੀ ਕਾਰਨ ਆਪਣੀ ਜਾਨ ਨਾ ਗਵਾਏ। ਡਾਕਟਰ ਰਾਏ ਨੇ ਕਿਹਾ ਕਿ ਟੀਬੀ ਵਰਗੀ ਬਿਮਾਰੀ ਦੇ ਖਾਤਮੇ ਦੇ ਲਈ 100 ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਤਹਿਤ ਸਿਹਤ ਕਰਮੀਆਂ ਵੱਲੋਂ ਪਿੰਡਾਂ ਦੇ ਵਿੱਚ ਟੀਬੀ ਤੋਂ ਪੀੜਿਤ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾਵੇਗੀ ਤਾਂ ਜੋ ਉਹਨਾਂ ਦਾ ਇਲਾਜ ਸਮੇਂ ਸਿਰ ਕਰਵਾਇਆ ਜਾ ਸਕੇ। ਜ਼ਿਲਾ ਟੀਕਾਕਰਨ ਅਫਸਰ ਡਾਕਟਰ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਮੀਟਿੰਗ ਦੌਰਾਨ ਜਿਲ੍ਹੇ ਦੇ ਵੱਖ-ਵੱਖ ਬਲਾਕਾਂ ਦੇ ਵਿੱਚ ਕੀਤੇ ਜਾਣ ਵਾਲੇ ਟੀਕਾਕਰਨ ਬਾਰੇ ਸਮੀਖਿਆ ਕੀਤੀ ਗਈ। ਉਹਨਾਂ ਕਿਹਾ ਕਿ ਸਿਹਤ ਕਰਮੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜ਼ਿਲੇ ਦੇ ਵਿੱਚ ਕੋਈ ਵੀ ਲਾਭਪਾਤਰੀ ਬੱਚਾ ਟੀਕਾ ਕਰਨ ਤੋਂ ਵਾਂਝਾ ਨਾ ਰਹੇ। ਡਾ. ਵਰਿੰਦਰ ਪਾਲ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਹਰ ਬੁੱਧਵਾਰ ਅਤੇ ਸ਼ਨੀਵਾਰ ਨੂੰ ਟੀਕਾਕਰਨ ਸੈਸ਼ਨ ਲਗਾ ਕੇ ਬੱਚਿਆਂ ਨੂੰ ਟੀਕੇ ਲਗਾਏ ਜਾਂਦੇ ਹਨ ਅਤੇ ਮਾਪੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ। ਇਸ ਤੋਂ ਇਲਾਵਾ ਡਾਕਟਰ ਵਰਿੰਦਰ ਪਾਲ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਅਨੀਮੀਆ ਮੁਕਤ ਭਾਰਤ ਪ੍ਰੋਗਰਾਮ ਨੂੰ ਵੀ ਜ਼ਿਲ੍ਹੇ ਦੇ ਵਿੱਚ ਚਲਾਇਆ ਜਾ ਰਿਹਾ ਹੈ ਅਤੇ ਅਨੀਮੀਆ ਤੋਂ ਪੀੜਿਤ ਲੜਕੀਆਂ ਅਤੇ ਮਹਿਲਾਵਾਂ ਨੂੰ ਸਿਹਤ ਕਰਮੀਆਂ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਨੀਮੀਆ ਤੋਂ ਬਚਾ ਲਈ ਮਹਿਲਾਵਾਂ ਚੰਗੀ ਪੋਸਟਿਕ ਖੁਰਾਕ ਲੈਣ ਅਤੇ ਆਪਣੇ ਭੋਜਨ ਦੇ ਵਿੱਚ ਹਰੀਆਂ ਸਬਜ਼ੀਆਂ ਅਤੇ ਦੁੱਧ ਵਾਲੇ ਪਦਾਰਥਾਂ ਦਾ ਸੇਵਨ ਕਰਨ। ਉਹਨਾਂ ਕਿਹਾ ਕਿ ਸਾਂਸ ਮੁਹਿੰਮ ਤਹਿਤ ਵੱਖ-ਵੱਖ ਵਿਸ਼ੇਸ਼ ਸੰਸਥਾਵਾਂ ਦੇ ਵਿੱਚ ਨਵਜੰਮੇ ਬੱਚਿਆਂ ਅਤੇ ਪੰਜ ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੀ ਜਾਂਚ ਨਿਰੰਤਰ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਦਿਨੋ ਦਿਨ ਵੱਧ ਰਹੀ ਠੰਡ ਨੂੰ ਧਿਆਨ ਵਿੱਚ ਰੱਖਦਿਆਂ ਬੱਚਿਆਂ ਦੇ ਮਾਤਾ ਪਿਤਾ ਉਹਨਾਂ ਦਾ ਵਿਸ਼ੇਸ਼ ਧਿਆਨ ਰੱਖਣ ਅਤੇ ਜੇਕਰ ਬੱਚੇ ਨੂੰ ਜੇਕਰ ਸਾਹ ਲੈਣ ਵਿੱਚ ਦਿੱਕਤ ਤੇਜ਼ ਬੁਖਾਰ ਜਾਂ ਫਿਰ ਥਕਾਵਟ ਰਹਿੰਦੀ ਹੈ ਤਾਂ ਉਸ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਜਾਂਚ ਲਈ ਲੈ ਕੇ ਜਾਣ। ਇਸ ਮੌਕੇ ਮੈਡੀਕਲ ਅਫਸਰ ਡਾਕਟਰ ਰਾਜਬੀਰ ਸਿੰਘ ਡਾਕਟਰ ਰਣਦੀਪ ਸਿੰਘ ਅਤੇ ਜ਼ਿਲਾ ਮਾਸ ਮੀਡੀਆ ਅਫਸਰ ਸ੍ਰੀ ਸੁਖਵੰਤ ਸਿੰਘ ਸਿੱਧੂ ਆਦਿ ਮੌਜੂਦ ਰਹੇ।