ਗੁਰਦਾਸਪੁਰ, 18 ਦਸੰਬਰ 2024 : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੀ ਸਕੱਤਰ ਸ੍ਰੀਮਤੀ ਰਮਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਨਲ ਐਡਵੋਕੇਟ ਅਤੇ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਦੇ ਟਰੈਫ਼ਿਕ ਐਜੂਕੇਸ਼ਨ ਸੈੱਲ ਵੱਲੋਂ ਅੱਜ ਸਰਕਾਰੀ ਆਈ.ਟੀ.ਆਈ. ਕਲਾਨੌਰ ਵਿਖੇ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੈਮੀਨਾਰ ਦੌਰਾਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੇ ਪੈਨਲਿਸਟ ਵਕੀਲ ਦਵਿੰਦਰ ਸਿੰਘ ਔਲਖ ਨੇ ਸਿੱਖਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਲੋਕ ਅਦਾਲਤਾਂ ਬਾਰੇ ਵਿਸਥਾਰ ਵਿੱਚ ਦੱਸਿਆ ਕਿ। ਇਸ ਮੌਕੇੇ ਉਨ੍ਹਾਂ ਸਿੱਖਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਅਤੇ ਹੈਲਪ ਲਾਈਨ ਨੰਬਰ 15100 ਬਾਰੇ ਵੀ ਦੱਸਿਆ। ਇਸ ਮੌਕੇ ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਨੁਮਾਇੰਦੇ ਏ.ਐੱਸ.ਆਈ ਅਮਨਦੀਪ ਸਿੰਘ ਅਤੇ ਏ.ਐੱਸ.ਆਈ. ਸੰਜੀਵ ਕੁਮਾਰ ਵੱਲੋਂ ਸਿੱਖਿਆਰਥੀਆਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਹਨਾਂ ਦੇ ਸਾਰੇ ਕਾਗ਼ਜ਼ਾਤ ਪੂਰੇ ਰੱਖਣੇ ਚਾਹੀਦੇ ਹਨ ਅਤੇ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਕੋਈ ਵਾਹਨ ਨਾ ਚਲਾਇਆ ਜਾਵੇ। ਉਨ੍ਹਾਂ ਕਿਹਾ ਦੋ ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਜ਼ਰੂਰ ਪਹਿਨਿਆ ਜਾਵੇ ਅਤੇ ਚਾਰ ਪਹੀਆ ਵਾਹਨ ਵਿੱਚ ਸੀਟ ਬੈਲਟ ਜ਼ਰੂਰ ਲਗਾਈ ਜਾਵੇ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਬਿਲਕੁਲ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੌਰਾਨ ਉਨ੍ਹਾਂ ਪੰਜਾਬ ਪੁਲਿਸ ਦੁ ਹੈਲਪ ਲਾਈਨ ਨੰਬਰ 112 ਅਤੇ ਸਾਈਬਰ ਕ੍ਰਾਈਮ ਸਬੰਧੀ ਹੈਲਪ ਲਾਈਨ ਨੰਬਰ 1930 ਬਾਰੇ ਵੀ ਦੱਸਿਆ। ਇਸ ਮੌਕੇ ਸਰਕਾਰੀ ਆਈ.ਟੀ.ਆਈ. ਦੇ ਪ੍ਰਿੰਸੀਪਲ ਨੀਰਜ ਧਵਨ ਅਤੇ ਵਾਈਸ ਪ੍ਰਿੰਸੀਪਲ ਅਸ਼ੋਕ ਸ਼ਰਮਾ ਨੇ ਇਹ ਸੈਮੀਨਾਰ ਲਗਾਉਣ ਲਈ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਟਰੈਫ਼ਿਕ ਐਜੂਕੇਸ਼ਨ ਸੈੱਲ ਦਾ ਧੰਨਵਾਦ ਕੀਤਾ।