ਰੂਸ ਸਰਕਾਰ ਨੇ ਕੈਂਸਰ ਨੂੰ ਰੋਕਣ ਦੇ ਸਮਰੱਥ ਵੈਕਸੀਨ ਬਣਾਉਣ ਦਾ ਕੀਤਾ ਦਾਅਵਾ

ਮੌਸਕੋ, 18 ਦਸੰਬਰ 2024 : ਰੂਸ ਨੇ ਮੈਡੀਕਲ ਵਿਗਿਆਨ ਵਿਚ ਇਕ ਵੱਡੀ ਸਫ਼ਲਤਾ ਹਾਸਲ ਕਰਨ ਦਾ ਐਲਾਨ ਕੀਤਾ ਹੈ। ਰੂਸ ਦੀ ਸਰਕਾਰ ਨੇ ਕੈਂਸਰ ਨੂੰ ਰੋਕਣ ਦੇ ਸਮਰੱਥ mRNA ਵੈਕਸੀਨ ਬਣਾਉਣ ਦਾ ਦਾਅਵਾ ਕੀਤਾ ਹੈ। ਰੂਸ ਨੇ ਕਿਹਾ ਹੈ ਕਿ 2025 ਤੋਂ ਇਹ ਟੀਕਾ ਦੇਸ਼ ਦੇ ਨਾਗਰਿਕਾਂ ਨੂੰ ਮੁਫ਼ਤ ਦਿਤਾ ਜਾਵੇਗਾ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਨੂੰ ਸਦੀ ਦੀ ਸਭ ਤੋਂ ਵੱਡੀ ਖੋਜ ਦਸਿਆ ਹੈ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਟੀਕੇ ਨੂੰ ਬਣਾਉਣ ਦਾ ਐਲਾਨ ਕੀਤਾ। ਰੇਡੀਓਲੋਜੀ ਮੈਡੀਕਲ ਰਿਸਰਚ ਸੈਂਟਰ ਦੇ ਡਾਇਰੈਕਟਰ ਆਂਦਰੇਈ ਕਾਪ੍ਰਿਨ ਨੇ ਕਿਹਾ ਕਿ mRNA ਤਕਨੀਕ 'ਤੇ ਆਧਾਰਿਤ ਇਹ ਟੀਕਾ ਟਿਊਮਰ ਦੇ ਵਾਧੇ ਨੂੰ ਰੋਕਣ ਦੇ ਸਮਰੱਥ ਹੈ। ਰੂਸੀ ਸਮਾਚਾਰ ਏਜੰਸੀ TASS ਦੇ ਅਨੁਸਾਰ, ਇਸਨੇ ਕਲੀਨਿਕਲ ਟਰਾਇਲਾਂ ਵਿਚ ਸ਼ਾਨਦਾਰ ਨਤੀਜੇ ਦਿਖਾਏ ਹਨ। ਇਹ ਟੀਕਾ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ, ਜਿਸ ਨਾਲ ਕੈਂਸਰ ਨਾਲ ਲੜਨ ਦੀ ਸ਼ਕਤੀ ਵਧਦੀ ਹੈ। ਇਸ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਕੈਂਸਰ ਦੀ ਵੈਕਸੀਨ ਬਣਾਉਣ ਦੇ ਆਖ਼ਰੀ ਪੜਾਅ 'ਤੇ ਹੈ। ਪੁਤਿਨ ਨੇ ਕਿਹਾ, "ਅਸੀਂ ਇਮਯੂਨੋਮੋਡਿਊਲੇਟਰੀ ਦਵਾਈਆਂ ਅਤੇ ਵੈਕਸੀਨਾਂ ਦੀ ਨਵੀਂ ਪੀੜ੍ਹੀ ਦੇ ਵਿਕਾਸ ਦੇ ਨੇੜੇ ਹਾਂ। ਇਹ ਸਿਰਫ਼ ਰੂਸ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਇਕ ਨਵੀਂ ਉਮੀਦ ਹੈ"। ਹੁਣ ਆਖ਼ਰਕਾਰ ਰੂਸ ਨੇ ਇਸ ਨੂੰ ਵਿਕਸਤ ਕਰਨ ਦਾ ਐਲਾਨ ਕਰ ਦਿਤਾ ਹੈ।