ਦੇਸੀ ਮਹੀਨਿਆਂ ਦਾ ਵਜੂਦ ਪੁਰਾਤਨ ਸਮਿਆਂ ਤੋਂ ਆਪਣੀ ਹੋਂਦ ਵਿੱਚ ਜਿਉਂਦਾ ਆ ਰਿਹਾ ਹੈ । ਮੌਸਮ ਦੀ ਤਬਦੀਲੀ ਅਤੇ ਰੁੱਤਾਂ ਦੀ ਆਮਦ ਦਾ ਵਰਨਣ ਇਹਨਾਂ ਦੇਸੀ ਮਹੀਨਿਆਂ ਨਾਲ ਨਹੁੰ ਅਤੇ ਮਾਸ ਦੇ ਰਿਸ਼ਤੇ ਦੀ ਤਰਾਂ ਜੁੜਿਆ ਹੋਇਆ ਹੈ । ਪੰਜਾਬ ਦੇ ਇਹ ਦੇਸੀ ਮਹੀਨੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਅਤੇ ਸਾਡੇ ਵਿਰਸੇ ਦੀ ਇੱਕ ਅਮਰ ਕਹਾਣੀ ਹਨ ।
ਮਾਘ ਦਾ ਮਹੀਨਾ ਨਾਨਕਸ਼ਾਹੀ ਜੰਤਰੀ ਦਾ ਗਿਆਰ੍ਹਵਾਂ ਮਹੀਨਾ ਹੈ । ਇਹ ਮਹੀਨਾ ਗ੍ਰੈਗਰੀ ਅਤੇ ਯੂਲੀਅਨ ਕੈਲੰਡਰਾਂ ਵਿੱਚ ਜਨਵਰੀ ਅਤੇ ਫਰਵਰੀ ਦੇ ਵਿਚਕਾਰ ਆਉਂਦਾ ਹੈ । ਮਾਘ ਦੇ ਮਹੀਨੇ ਵਿੱਚ 30 ਦਿਨ ਹੁੰਦੇ ਹਨ। ਇਹ ਮਹੀਨਾ “ਤਿਉਹਾਰਾਂ ਦਾ ਮਹੀਨਾ” ਦੇ ਨਾਂ ਨਾਲ ਮਸ਼ਹੂਰ ਹੈ । ਕਿਉਂਕਿ ਮਾਘ ਮਹੀਨੇ ਦਾ ਆਗਾਜ਼ ਤਿਉਹਾਰਾਂ ਦੀ ਆਮਦ ਨਾਲ ਸੁਰੂ ਹੁੰਦਾ ਹੈ । ਮਾਘੀ ਦਾ ਦਿਹਾੜਾ ਮਾਘ ਮਹੀਨੇ ਦੀ ਸੰਗਰਾਂਦ ਭਾਵ ਮਹੀਨੇ ਮਾਘ ਦਾ ਪਹਿਲਾ ਦਿਨ ਹੁੰਦਾ ਹੈ । ਪੁਰਾਤਨ ਸਮਿਆਂ ਤੋਂ ਹੀ ਇਹ ਦਿਨ ਧਾਰਮਿਕ ਪੱਖੋਂ ਪਵਿੱਤਰ ਦਿਹਾੜੇ ਦੇ ਤੌਰ ਤੇ ਮੰਨਿਆ ਜਾਂਦਾ ਹੈ । ਮਾਘ ਦੀ ਸੰਗਰਾਂਦ ਉੱਤੇ ਮਾਘੀ ਦਾ ਮੇਲਾ ਲੱਗਦਾ ਹੈ। ਇਸੇ ਦਿਨ ਤੋਂ ਮੌਸਮ ਵਿੱਚ ਬਦਲਾਵ ਆਉਣਾ ਸੁਰੂ ਹੋ ਜਾਂਦਾ ਹੈ । ਸਰਦ ਰੁੱਤ ਜਾਣ ਲਈ ਪੁਲਾਂਘਾਂ ਪੱਟਣ ਲੱਗ ਪੈਂਦੀ ਹੈ ਅਤੇ ਕੁਦਰਤ ਬਨਸਪਤੀ ਦੇ ਮੁੜ ਫੁਟਾਰੇ ਲਈ ਸੁਹਾਵਣੇ ਮੌਸਮ ਨੂੰ ਦਸਤਕ ਦੇ ਦਿੰਦੀ ਹੈ । ਮਾਘ ਦਾ ਮਹੀਨਾ ਵਿਸ਼ੇਸ਼ ਤੌਰ ਤੇ ਧਾਰਮਿਕ ਸਥਾਨਾਂ ‘ਤੇ ਸਰੋਵਰਾਂ ਅਤੇ ਨਦੀਆਂ ਵਿੱਚ ਇਸ਼ਨਾਨ ਕਰਨ ਦੇ ਮਹੀਨੇ ਵਜੋਂ ਜਾਣਿਆ ਜਾਂਦਾ ਹੈ ।
ਅਸਲ ਵਿੱਚ ਮਾਘੀ ਦੇ ਦਿਹਾੜੇ ਦਾ ਲੋਹੜੀ ਦੇ ਤਿਉਹਾਰ ਨਾਲ ਖਾਸ ਸਬੰਧ ਮੰਨਿਆ ਜਾਂਦਾ ਹੈ । ਮਾਘੀ ਦਾ ਦਿਨ ਅਤੇ ਲੋਹੜੀ ਦੇ ਦਿਨ ਮਘਾਈ ਜਾਣ ਵਾਲੀ ਅੱਗ । ਭਾਵ ਲੋਹੜੀ ਦੇ ਦਿਹਾੜੇ ਦਾ ਸਬੰਧ ਮਘਣ ਨਾਲ , ਜਦਕਿ ਮਾਘੀ ਦੇ ਦਿਹਾੜੇ ਦਾ ਠੰਢ ਨਾਲ । ਲੋਹੜੀ ਦੇ ਮੌਕੇ ਰਾਤ ਭਰ ਖਾਧੀਆਂ ਗੁੜ ਦੀਆਂ ਰਿਉੜੀਆਂ, ਗੱਚਕ, ਮੂੰਗਫਲੀ ਅਤੇ ਤਿਲਾਂ ਦੇ ਭੁੱਗੇ ਆਦਿ ਗਰਮ ਪਦਾਰਥਾਂ ਨਾਲ ਸਰੀਰ ਦੀ ਗਰਮ ਹੋਈ ਤਸੀਰ ਨੂੰ ਠੰਢਾ ਕਰਨ ਲਈ ਦੂਸਰੇ ਦਿਨ ਸਵੇਰੇ ਨਿਰਨੇ ਕਾਲਜੇ ਖਾਲੀ ਪੇਟ ਗੰਨੇ ਦੇ ਰਸ ਵਿੱਚ ਰਿੰਨ੍ਹੀ ਖੀਰ ਜਾਂ ਦਹੀਂ ‘ਚ ਕਾਲੀ ਮਿਰਚ ਪਾ ਕੇ ਖਾਧੀ ਜਾਂਦੀ ਹੈ । ਇਸਨੂੰ “ਪੋਹ ਰਿੰਨ੍ਹੀ, ਮਾਘ ਖਾਧੀ” ਵੀ ਕਿਹਾ ਜਾਂਦਾ ਹੈ । ਮਾਘੀ ਦੀ ਸੰਗਰਾਂਦ ਦੇ ਦਿਨ ਸਵੇਰੇ ਉੱਠ ਠੰਢੇ ਪਾਣੀ ਨਾਲ ਇਸ਼ਨਾਨ ਕਰਨਾ ਵੀ ਸ਼ਾਇਦ ਇਸੇ ਸਬੰਧ ਨੂੰ ਦਰਸਾਉਂਦਾ ਹੈ ।
ਮਾਘ ਮਹੀਨਾ ਪੂਰੇ ਭਾਰਤ ਵਿੱਚ ਧਾਰਮਿਕ ਪੱਖ ਤੋਂ ਮਨਾਇਆ ਜਾਣ ਵਾਲਾ ਮਹੀਨਾ ਹੈ । ਇਸ ਮਹੀਨੇ ਅਨੇਕਾਂ ਮੇਲੇ ਲੱਗਦੇ ਹਨ । ਪਰ ਸਿੱਖ ਧਰਮ ਵਿੱਚ ਮਾਘ ਮਹੀਨੇ ਦਾ ਵਿਸ਼ੇਸ਼ ਮਹੱਤਵ ਹੈ ਅਤੇ ਇਸ ਦਿਹਾੜੇ ‘ਤੇ ਪੰਜਾਬ ਵਿੱਚ ਮੁਕਤਸਰ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਬਹੁਤ ਭਾਰੀ ਮੇਲਾ ਲੱਗਦਾ ਹੈ ਜਿਸ ਵਿੱਚ ਵੱਡੀ ਤਾਦਾਦ ਵਿੱਚ ਸੰਗਤਾਂ ਇਹਨਾਂ ਮੁਕਤਿਆਂ ਦੀ ਯਾਦ ਵਿੱਚ ਸੁਬਹ-ਸਵੇਰੇ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਸਰੋਵਰ ਵਿੱਚ ਇਸ਼ਨਾਨ ਕਰਕੇ ਮੱਥਾ ਟੇਕਣ ਪੁੱਜਦੀਆਂ ਹਨ । ਮਾਘ ਮਹੀਨੇ ਵਾਰੇ ਗੁਰੂ ਅਰਜਨ ਦੇਵ ਜੀ ਦੁਆਰਾ ਰਚੀ ਬਾਣੀ ਵਿੱਚ ਬੜਾ ਸੁੰਦਰ ਵਰਨਣ ਕੀਤਾ ਮਿਲਦਾ ਹੈ -
ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸ਼ਨਾਨੁ ॥
ਹਰਿ ਕਾ ਨਾਮ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨ ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨ ॥
ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨੁ ॥
ਅਠਸਠਿ ਤੀਰਥ ਸਗਨ ਪੁੰਨ ਜੀਅ ਦਇਆ ਪਰਵਾਨ ॥
ਜਿਸ ਨੋ ਦੇਵੇ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨੁ ॥
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰ ਮਿਹਰਬਾਨੁ ॥
ਦੇਸੀ ਮਹੀਨੇ ਪੰਜਾਬੀ ਸੱਭਿਆਚਾਰ ਦੀ ਇੱਕ ਅਮੀਰ ਵਿਰਾਸਤ ਹਨ ਅਤੇ ਪੰਜਾਬੀ ਸਾਹਿਤ ਲੋਕ ਰੰਗਾਂ ਵਿੱਚ ਵੀ ਇਹਨਾਂ ਦਾ ਵਿਸ਼ੇਸ਼ ਜਿਕਰ ਕੀਤਾ ਮਿਲਦਾ ਹੈ। ਪੰਜਾਬੀ ਦੇ ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੇ ਮਾਘ ਮਹੀਨੇ ਦੀ ਸੰਗਰਾਂਦ ਦਾ ਬੜੀ ਬਾਖ਼ੂਬੀ ਨਾਲ ਕਾਵਿ ਚਿਤਰਣ ਕੀਤਾ ਹੈ -
ਮਾਂ ਨੀ ਮਾਂ
ਜੇ ਇਜਾਜ਼ਤ ਦਏਂ ਤਾਂ
ਮੈਂ ਇੱਕ ਵਾਰੀ ਲੈ ਲਵਾਂ
ਮਾਘ ਦੀ ਹਾਏ ਸੁੱਚੜੀ
ਸੰਗਰਾਂਦ ਵਰਗਾ ਤੇਰਾ ਨਾਂ ।
ਮੁਕਤਸਰ ਵਿਖੇ ਗੁਰਦੁਆਰਾ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਮਾਘੀ ਦੇ ਮੇਲੇ ਦਾ ਇਤਿਹਾਸ ਦਸਵੇਂ ਗੁਰੂ ਸਾਹਿਬਾਨ ਦੀ ਮੁਗਲਾਂ ਦੇ ਵਿਰੁੱਧ ਲੜੀ ਅਖੀਰਲੀ ਜੰਗ ਦੇ ਇਤਿਹਾਸ ਦੀ ਦਾਸਤਾਨ ਨਾਲ ਸਬੰਧਤ ਹੈ । ਗੁਰਦੁਆਰਾ ਮੁਕਤਸਰ ਸਾਹਿਬ ਦੇ ਪਵਿੱਤਰ ਅਸਥਾਨ ‘ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲਾਂ ਵਿਰੁੱਧ ਆਪਣੀ ਆਖਰੀ ਜੰਗ ਜਿੱਤੀ ਸੀ । ਗੁਰੂ ਜੀ ਵੱਲੋਂ ਲੜੀ ਇਹ ਜੰਗ “ਖਿਦਰਾਣੇ ਦੀ ਜੰਗ” ਦੇ ਨਾਂ ਨਾਲ ਜਾਣੀ ਜਾਂਦੀ ਹੈ । ਸੰਨ 1705 ਈਸਵੀ ਵਿੱਚ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਪਿੱਛੋਂ ਦਸਮੇਸ਼ ਪਿਤਾ ਜੀ ਧਰਮ ਯੁੱਧ ਦੌਰਾਨ ਮੁਗਲਾਂ ਨਾਲ ਯੁੱਧ ਕਰਦਿਆਂ ਵੱਖ-ਵੱਖ ਇਲਾਕਿਆਂ ‘ਚੋਂ ਵਿਚਰਦੇ ਹੋਏ ਪੰਜਾਬ ਵਿੱਚ ਮਾਲਵੇ ਦੀ ਧਰਤੀ ਤੇ ਪ੍ਰਵੇਸ਼ ਕਰ ਗਏ । ਗੁਰੂ ਜੀ ਦੀ ਆਪਣੇ ਸਿੱਖ ਸਿਪਾਹੀਆਂ ਨਾਲ ਖਦਰਾਣੇ ਦੀ ਢਾਬ ਉੱਤੇ ਮੁਗ਼ਲਾਂ ਨਾਲ ਟੱਕਰ ਹੋਈ । ਜਿਕਰਯੋਗ ਹੈ ਕਿ ਇਸ ਸਥਾਨ ਤੇ ਗੁਰੂ ਜੀ ਨੇ ਜੋ ਖਦਰਾਣੇ ਦੀ ਢਾਬ ਤੇ ਜੰਗੀ ਲੜੀ ਸੀ, ਉਸ ਵਿੱਚ ਅਨੰਦਪੁਰ ਸਾਹਿਬ ਤੋਂ ਬੇਦਾਵਾ ਲੈ ਕੇ ਮੁਕਤੀ ਪ੍ਰਾਪਤ ਕਰਨ ਵਾਲੇ ਸਿੰਘਾਂ ਨੇ ਇਸ ਸਥਾਨ ਤੇ ਯੁੱਧ ਕਰਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ । ਮੁਕਤਸਰ ਵਿਖੇ ਇਸ ਪਵਿੱਤਰ ਸਥਾਨ ਉੱਤੇ ਹੀ ਭਾਈ ਮਹਾਂ ਸਿੰਘ ਸਮੇਤ ਅਨੰਦਪੁਰ ਸਾਹਿਬ ਤੋਂ ਬੇਦਾਵਾ ਲੈ ਕੇ ਆਏ ਚਾਲ਼ੀ ਸਿੰਘਾਂ ਦੇ ਬੇਦਾਵੇ ਨੂੰ ਪਾੜਕੇ ਗੁਰੂ ਜੀ ਨੇ ਮੁਕਤੀ ਦਿੱਤੀ ਸੀ । ਭਾਈ ਮਹਾਂ ਸਿੰਘ ਨੇ ਆਪਣੇ ਸਾਥੀ ਸਿੰਘਾਂ ਸਮੇਤ ਇਸੇ ਸਥਾਨ ਤੇ ਯੁੱਧ ਵਿੱਚ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ ਅਤੇ ਇਸ ਮਗਰੋਂ ਇਸ ਪਵਿੱਤਰ ਧਰਤੀ ਦਾ ਨਾਂ ਮੁਕਤਸਰ ਪਿਆ ਸੀ ।
ਮਾਘੀ ਦੇ ਮੇਲੇ ਨਾਲ ਜਿੱਥੇ ਪੰਜਾਬੀ ਧਾਰਮਿਕ ਆਸਥਾ ਨਾਲ ਜੁੜੇ ਹੋਏ ਹਨ, ਉੱਥੇ ਇਹ ਦਿਹਾੜਾ ਪੁਰਾਤਨ ਸਮਿਆਂ ਤੋਂ ਪੰਜਾਬੀਆਂ ਦੀ ਮੇਲੇ ਦਾ ਅਨੰਦ ਮਾਨਣ ਦੀ ਇੱਛਾ ਦੀ ਪੂਰਤੀ ਦਾ ਵੀ ਸਾਧਨ ਹੈ । ਪੰਜਾਬ ਦੇ ਲੋਕ ਗੀਤਾਂ ਅਤੇ ਬੋਲੀਆਂ ਵਿੱਚ ਮੁਕਤਸਰ ਦੇ ਮੇਲੇ ਦਾ ਜਿਕਰ ਆਮ ਹੁੰਦਾ ਆਇਆ ਹੈ । ਮੁਟਿਆਰਾਂ ਦੇ ਦਿਲਾਂ ਵਿੱਚ ਇਸ ਮੇਲੇ ਸਬੰਧੀ ਜੋ ਤਾਂਘ ਵਸੀ ਹੁੰਦੀ ਹੈ, ਉਹ ਮੇਲਾ ਆਉਣ ‘ਤੇ ਆਪਣੇ ਪਤੀ ਸਾਹਮਣੇ ਉਜਾਗਰ ਕਰੇ ਬਿਨਾ ਨਹੀਂ ਰਹਿ ਸਕਦੀਆਂ -
ਕਦੇ ਨਾ ਮੇਰੇ ਸ਼ੌਕ ਪੁਗਾਏ ਕਦੇ ਨਾ ਕੀਤੇ ਚਾਅ ਪੂਰੇ ।
ਸੱਧਰਾਂ ਰਹੀਆਂ ਧਰੀਆਂ ਧਰਾਈਆਂ
ਰਹਿ ਗਏ ਸਾਰੇ ਸੁਪਨੇ ਅਧੂਰੇ ।
ਪਰ ਹੁਣ ਨਹੀਂ ਮੈਂ ਚੁੱਪ ਰਹਿਣਾ
ਅੜੀ ਆਪਣੀ ਨੂੰ ਪੁਗਾਉਣਾ ।
ਲੈ ਜਾ ਮੇਲੇ ਮੁਕਤਸਰ ਦੇ
ਮੈਂ ਮੇਲਾ ਦੇਖ ਕੇ ਆਉਣਾ ।
ਲੈ ਜਾ ਮੇਲੇ …….
ਮੁਕਤਸਰ ਦੇ ਮਾਘੀ ਮੇਲੇ ਵਿੱਚ ਹਰ ਉਮਰ ਦੇ ਲੋਕ ਮੇਲੇ ਦਾ ਅਨੰਦ ਮਾਨਣ ਲਈ ਵਹੀਰਾਂ ਘੱਤਕੇ ਜਾਂਦੇ ਹਨ । ਮੁਟਿਆਰਾਂ ਜਦੋਂ ਇਹ ਮੇਲਾ ਦੇਖਣ ਜਾਣ ਲਈ ਸਜ ਸੰਵਰਕੇ ਤੁਰਦੀਆਂ ਹਨ ਤਾਂ ਉਹਨਾਂ ਉੱਪਰ ਬੋਲੀਆਂ ਦੇ ਬਾਣ ਚੱਲਣੇ ਸੁਭਾਵਿਕ ਹਨ -
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ
ਪਿੰਡ ਸੁਣੀਦਾ ਪਿੰਡ ਸੁਣੀਦਾ ਮੱਲੀਆਂ ।
ਉੱਥੋਂ ਦੇ ਦੋ ਬਲਦ ਸੁਣੀਦੇ
ਗਲ਼ ਚ ਜਿਹਨਾਂ ਦੇ ਟੱਲੀਆਂ ।
ਮੇਲੇ ਮੁਕਤਸਰ ਦੇ
ਦੋ ਮੁਟਿਆਰਾਂ ਚੱਲੀਆਂ ।
ਮੇਲੇ ……..
ਮੁਕਤਸਰ ਦਾ ਮਾਘੀ ਮੇਲਾ ਘੋੜਿਆਂ ਦੀ ਮੰਡੀ ਵਜੋਂ ਵੀ ਦੁਰ ਦੁਰਾਡੇ ਇਲਾਕਿਆਂ ਤੱਕ ਮਸ਼ਹੂਰ ਹੈ । ਇੱਥੇ ਘੋੜੇ-ਘੋੜੀਆਂ ਦੇ ਸ਼ੌਕੀਨ ਮੇਲੇ ਵਿੱਚ ਆਪਣੇ ਪਸ਼ੂ ਵੇਚਣ ਅਤੇ ਖ੍ਰੀਦਣ ਲਈ ਆਉਂਦੇ ਹਨ । ਸਮੇਂ ਦੇ ਬਦਲਦੇ ਦੌਰ ਨੇ ਇਸ ਮੇਲੇ ਦੀ ਧਾਰਮਿਕ ਅਤੇ ਇਤਿਹਾਸਕ ਮਹੱਤਤਾ‘ਤੇ ਕਾਫੀ ਅਸਰ ਪਾਇਆ ਹੈ । ਇਸ ਮਾਘੀ ਮੇਲੇ ਵਿੱਚ ਇੱਕ ਪਾਸੇ ਲੋਕ ਸੰਗਤ ਦੇ ਰੂਪ ਵਿੱਚ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਸਿਜਦਾ ਕਰਨ ਲਈ ਆਉਂਦੇ ਹਨ ਅਤੇ ਦੂਸਰੇ ਪਾਸੇ ਮੇਲੇ ਵਿੱਚ ਲੱਗੀਆਂ ਵੱਖ ਵੱਖ ਰਾਜਨੀਤਿਕ ਕਾਨਫਰੰਸਾਂ ਵਿੱਚ ਲੀਡਰਾਂ ਵੱਲੋਂ ਆਪਣੇ ਰਾਜਨੀਤਕ ਵਿਰੋਧੀਆਂ ਨੂੰ ਨਿੰਦਣ ਅਤੇ ਭੰਡਣ ਦਾ ਵਰਤਾਰਾ ਮੇਲੇ ਦੇ ਮਹੱਤਵ ਅਤੇ ਮਰਿਯਾਦਾ ਨੂੰ ਜਿਵੇਂ ਮੂੰਹ ਚਿੜਾ ਰਿਹਾ ਹੋਵੇ । ਪਰ ਫਿਰ ਵੀ ਮੁਕਤਸਰ ਦਾ ਮਾਘੀ ਮੇਲਾ ਪੰਜਾਬੀਆਂ ਲਈ ਇਕ ਸਤਿਕਾਰਤ ਮੇਲਾ ਹੈ ।