ਨਹੀਂ ਪੁੱਗਦੀ ਸਰਦਾਰੀ ਅੱਜ ਕੱਲ੍ਹ

ਘਰ ਦਾ ਇੱਕ ਸਰਦਾਰ ਸੀ ਹੁੰਦਾ, ਟੱਥਰ ਕਹਿਣੇਕਾਰ ਸੀ ਹੁੰਦਾ

ਸਾਂਝਾ ਸਭ ਕੈਮਕਾਰ ਸੀ ਹੁੰਦਾ, ਦੂਰ ਕਿਤੇ ਬਾਜ਼ਾਰ ਸੀ ਹੁੰਦਾ

ਸੌਖੀ ਹੀ ਨਿਭ ਜਾਂਦੀ ਸੀ, ਨਾ ਚਿੰਤਾ ਜਿਹੀ ਬਿਮਾਰੀ

ਬਾਪੂ ਦੀ ਸਰਦਾਰੀ ਘਰ ਵਿੱਚ ਨਹੀਂ ਪੁੱਗਦੀ

 

ਪਤਨੀ ਆਖੇ ਮੇਰੀ ਮਰਜ਼ੀ, ਬਣ ਕੇ ਰਹਿ ਤੂੰ ਮੇਰਾ ਦਰਦੀ

ਘਰ ਦਾ ਸਭ ਕੰਮਕਾਜ ਮੈਂ ਕਰਦੀ, ਫੇਰ ਕਿਉਂ ਨਹੀਂ ਮੇਰੀ ਚੱਲਦੀ

ਸ਼ੌਂਕ ਨਾ ਪੂਰੇ ਕੀਤੇ ਮੇਰੇ, ਤੂੰ ਕਿਹੜਾ ਪਟਵਾਰੀ, ਅੱਜਕੱਲ੍ਹ ...

 

ਬੱਚੇ ਕਹਿੰਦੇ ਕੈਸ਼ ਲਿਆ ਦੇ, ਸਾਨੂੰ ਬਾਪੂ ਐਸ਼ ਕਰਾ ਦੇ

ਲੱਗ ਜਾਊ ਵੀਜਾ ਬਾਹਰ ਭਜਾ ਦੇ, ਸਾਡਾ ਵੀ ਹੁਣ ਦਿਲ ਪਰਚਾ ਦੇ

ਚਾਅ ਸਾਡੇ ਜੇ ਕਰਦੈ ਪੂਰੇ, ਤਾਂ ਤੇਰੀ ਸਰਦਾਰੀ, ਅੱਜਕੱਲ੍ਹ...

 

ਬਾਪੂ ਸੋਚੇ ਕਿੱਧਰਾਂ ਜਾਵਾਂ, ਟੱਬਰ ਨੂੰ ਕਿੱਦਾਂ ਸਮਝਾਵਾਂ ?

ਦਰਦੀ ਮੇਰਾ ਹੈ ਨਹੀਂ ਕੋਈ, ਜਿਸ ਨੂੰ ਦਿਲ ਦਾ ਹਾਲ ਸੁਣਾਵਾਂ

ਹੋ ਗਏ ਸਭ ਸਿਆਣੇ , ਮੇਰੀ ਰਲੀ ਸਿਆਣਪ ਸਾਰੀ, ਅੱਜਕੱਲ੍ਹ...

 

ਬਾਪੂ ਜੀ ਹੁਣ ਰਹਿ ਗਏ ਕੱਲੇ, ਘਰ ਵਿੱਚ ਉਸਦੀ ਇੱਕ ਨਾ ਚੱਲੇ

ਬੇਵੱਸ ਨੂੰ ਨਾਂ ਸਮਝਣ ਝੱਲੇ, ਬਾਹਰ ਸੀ ਹੁੰਦੀ ਬੱਲੇ ਬੱਲੇ

ਹੋਰ ਕੋਈ ਕੰਮਕਾਰ ਨਹੀਂ, ਕਰ ਘਰ ਦੀ ਚੌਂਕੀਦਾਰੀ, ਅੱਜਕੱਲ੍ਹ ...

 

ਸਾਰੇ ਸੋਚਣ ਕਦ ਤੁਰ ਜਾਣਾ, ਹੋ ਗਿਆ ਬਾਪੂ ਬਹੁਤ ਸਿਆਣਾ

ਤੁਰ ਗਏ ਦਾ ਦੁੱਖ ਜਰਿਆ ਜਾਣਾ, ਯਾਦਾਂ ਵਿਚ ਬਾਪੂ ਰਹਿ ਜਾਣਾ

ਪੰਧ ਜੀਵਨ ਦਾ ਮੁਸ਼ਕਿਲ ਸੀ, ਪਰ ਬੰਦਾ ਪਰਉਪਕਾਰੀ, ਅੱਜਕੱਲ੍ਹ...

 

ਗੱਲ ਸੱਚੀ ਪਰ ਕੌੜੀ ਲੱਗਦੀ, ਦਿਲ ਚੋਂ ਦਨੀਆਂ ਬਾਹਰ ਨਾ ਕੱਢਦੀ 

ਗਰਜਾਂ ਵੇਲੇ ਨੇੜੇ ਲਗਦੀ, ਮੁਸ਼ਕਿਲ ਵੇਲੇ ਕੋਲ ਨਾ ਖੜ੍ਹਦੀ 

ਫ਼ਰਜਾਂ ਨੂੰ ਮੁੱਖ ਰੱਬ 'ਲਾਂਬੜਾ' ਬਣ ਸਭ ਦਾ ਹਿੱਤਕਾਰੀ, ਅੱਜਕੱਲ੍ਹ...........