ਪ੍ਰਿੰਸੀਪਲ ਸਰਵਣ ਸਿੰਘ ਦੀ " ਕਲਮ ਦੀ ਮੈਰਾਥਨ " ਦੇ ਨਾਲ ਭੱਜਦਿਆਂ।

ਚੰਗੀਆਂ ਕਿਤਾਬਾਂ ਪੜ੍ਹਨੀਆਂ ਕਿਸੇ ਮਹਾਨ ਵਿਅਕਤੀ ਨਾਲ ਗੱਲਾਂ ਕਰਨ ਦੇ ਬਰਾਬਰ ਹੈ।
ਕਹਾਣੀਆਂ ਦੇ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ ਅਨੁਸਾਰ "ਪ੍ਰਿੰਸੀਪਲ ਸਰਵਣ ਸਿੰਘ" ਪੰਜਾਬੀ ਖੇਡ ਸਾਹਿਤ ਦਾ ਸ਼ਹਿਨਸ਼ਾਹ ਹੈ। ਉਸਨੇ ਕਹਾਣੀਆਂ ਵੀ ਲਿਖੀਆਂ, ਜੀਵਨੀਆਂ ਲਿਖੀਆਂ, ਰੇਖਾ ਚਿੱਤਰ ਲਿਖੇ, ਸਵੈ-ਜੀਵਨੀ ਲਿਖੀ, ਸਫਰਨਾਮੇਂ ਲਿਖੇ, ਹਾਸ-ਵਿਅੰਗ ਲਿਖੇ, ਪੱਤਰਕਾਰੀ ਕੀਤੀ ਹੈ, ਕੁਮੈਂਟਰੀ ਕੀਤੀ ਹੈ ਅਤੇ ਇਹਨਾਂ ਸਭਨਾਂ ਖੇਤਰਾਂ ਵਿੱਚ ਹੀ ਕਮਾਲ ਕੀਤਾ ਹੈ। ਪਰ ਖੇਡ ਲੇਖਣੀ ਦੇ ਖੇਤਰ ਵਿੱਚ ਉਹਨੇ ਅਜਿਹੀਆਂ ਮੱਲਾਂ ਮਾਰੀਆਂ ਨੇ ਕਿ ਪਿਛਲੀ ਅੱਧੀ ਸਦੀ ਤੋਂ ਉਹਦਾ ਮਾਊਂਟ ਐਵਰੈਸਟੀ ਝੰਡਾ ਸਭਨਾਂ ਤੋਂ ਉੱਚਾ ਅਸਮਾਨੀ ਝੁੱਲ ਰਿਹਾ ਹੈ। ਵਰਿਆਮ ਸੰਧੂ ਹੋਰਾਂ ਦੇ ਇਹ ਸ਼ਬਦ ਨਿਰਾਰਥਕ ਨਹੀਂ ਹਨ ਕਿਉਂਕਿ ਮੈਰਾਥਨ ਦੌੜ ਤਕਰੀਬਨ 42 ਕਿਲੋਮੀਟਰ ਲੰਬੀ ਹੁੰਦੀ ਹੈ ਤੇ 1966 ਤੋਂ ਖੇਡ ਸਾਹਿਤ ਲਿਖਦਾ ਆ ਰਿਹਾ ਖੇਡ ਸਾਹਿਤ ਦਾ ਇਹ ਬਾਬਾ ਬੋਹੜ ਖੇਡ ਲੇਖਣੀ ਦੀ ਮੈਰਾਥਨ ਨੂੰ ਪਾਰ ਕਰਦਿਆਂ ਨਵੀਆਂ ਪੈੜਾਂ ਪਾ ਚੁੱਕਿਆ ਹੈ। ਪੰਜਾਹ ਤੋਂ ਵੱਧ ਖੇਡ ਸਾਹਿਤ ਦੀਆਂ ਕਿਤਾਬਾਂ ਅਤੇ ਹਜ਼ਾਰਾਂ ਖੇਡ ਲੇਖ ਲਿਖਣ ਵਾਲੇ ਪ੍ਰਿੰਸੀਪਲ ਸਰਵਣ ਸਿੰਘ ਹੋਰਾਂ ਦੀ ਹੁਣੇ ਹੁਣੇ ਨਿਵੇਕਲੀ ਪੁਸਤਕ "ਮੇਰੀ ਕਲਮ ਦੀ ਮੈਰਾਥਨ" ਪਾਠਕਾਂ ਦੀ ਝੋਲੀ ਪਈ ਹੈ ਆਉ ਇਸ ਕਿਤਾਬ ਦੀ ਪੜਚੋਲ ਕਰਦਿਆਂ ਪ੍ਰਿੰਸੀਪਲ ਸਾਹਿਬ ਦੀ ਲੇਖਣੀ ਬਾਰੇ ਜਾਣਕਾਰੀ ਪ੍ਰਾਪਤ ਕਰੀਏ।
ਕਿਤਾਬ ਦੇ ਸ਼ੁਰੂ ਵਿੱਚ ਪ੍ਰਿੰਸੀਪਲ ਸਾਹਿਬ ਹੋਰਾਂ ਨੇ ਲਿਖਿਆ ਹੈ ਕਿ ਕਿਵੇਂ ਉਹ ਤੰਗੀਆਂ ਤੁਰਸ਼ੀਆਂ ਦੇ ਉਹਨਾਂ ਸਮਿਆਂ ਨੂੰ ਦਰੜਦੇ ਹੋਏ ਦਸਵੀਂ ਕਰਨ ਤੋਂ ਬਾਅਦ ਪੜ੍ਹਦੇ ਪੜ੍ਹਦੇ ਖੇਡ ਲੇਖਕ ਬਣੇ ਅਤੇ ਕਿਵੇਂ ਉਹ ਅਚਾਨਕ ਪੰਜਾਬ ਵਿੱਚ ਪੜ੍ਹਨ ਦੀ ਤਿਆਰੀ ਕਰਦੇ ਕਰਦੇ ਦਿੱਲੀ ਵੱਲ ਨੂੰ ਹੋ ਤੁਰੇ, ਉਹਨਾਂ ਦੀ ਇਸ ਨਿੱਜੀ ਜਿੰਦਗੀ ਭਰੇ ਚੈਪਟਰ ਨੂੰ ਪੜ੍ਹ ਕੇ ਮੈਂ ਵੀ ਉਹਨਾਂ ਸਮਿਆਂ ਨੂੰ ਆਪਣੇ ਖਿਆਲਾਂ ਵਿੱਚ ਮਹਿਸੂਸ ਕਰ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਉਹ ਕਿਵੇਂ ਦੇ ਸਕੂਨ ਅਤੇ ਸ਼ਾਂਤੀ ਭਰੇ ਸਮੇਂ ਸੀ। ਪ੍ਰਿੰਸੀਪਲ  ਸਾਹਿਬ ਹੋਰਾਂ ਨੇ ਆਪਣੇ ਸਕੂਲ ਅਤੇ ਕਾਲਜਾਂ ਦੇ ਸਮਿਆਂ ਬਾਰੇ ਬਾਖੂਬੀ ਬਿਆਨ ਕੀਤਾ ਹੈ ਜਿਸਨੂੰ ਪੜ੍ਹ ਕੇ ਇੱਕ ਵਾਰ ਤਾਂ ਪਾਠਕ ਉਸ ਸਮੇਂ ਦੇ ਦਰਸ਼ਨ ਕਰ ਲੈਂਦਾ ਹੈ। ਇਸ ਤੋਂ ਅਗਾਂਹ ਸਰਵਣ ਸਿੰਘ ਹੋਰਾਂ ਨੇ ਆਪਣੇ ਕਿਸਾਨੀ ਪਿਛੋਕੜ ਉੱਤੇ ਵੀ ਝਾਤ ਪਾਈ ਐ ਕਿ ਕਿਵੇਂ ਉਹਨਾਂ ਨੇ ਬਚਪਨ ਵਿੱਚ ਪਿਉ ਦਾਦੇ ਦੀ ਵਿਰਾਸਤ ਖੇਤੀਬਾੜੀ ਨੂੰ ਵੀ ਆਪਣੇ ਪਿੰਡੇ ਤੇ ਹੰਢਾਇਆ ਹੈ ਅਤੇ ਭੂਆ ਦੇ ਘਰ ਰਹਿੰਦੇ ਜਦੋਂ ਉਹ ਪੜ੍ਹਦੇ ਹੁੰਦੇ ਸੀ ਤਾਂ ਵੀ ਖੇਤੀ ਨੂੰ ਉਹਨਾਂ ਆਪਣੇ ਨਾਲ ਹੀ ਰੱਖਿਆ। ਇਸ ਤੋਂ ਬਾਅਦ ਕਿਤਾਬ ਦੇ ਸਿਰਲੇਖ ਮੁਤਾਬਿਕ ਮੈਰਾਥਨ ਦਾ ਇਤਿਹਾਸ ਕਿਤਾਬ ਅੰਦਰ ਲਿਖਿਆ ਗਿਆ ਹੈ ਕਿ ਮੈਰਾਥਨ ਦੌੜ ਕਿਵੇਂ ਸ਼ੁਰੂ ਹੋਈ ਅਤੇ ਕਿਸ ਦੌੜਾਕ ਨੇ ਇਹ ਦੌੜ ਪਹਿਲਾਂ ਜਿੱਤੀ। ਯੂਨਾਨੀ ਸੱਭਿਅਤਾ ਦੀ ਦੇਣ ਮੈਰਾਥਨ ਦੌੜ ਜੋ ਹੁਣ ਤੱਕ ਖੇਡ ਸੰਸਾਰ ਦਾ ਅਹਿਮ ਹਿੱਸਾ ਹੈ ਬਾਰੇ ਵੀ ਇਤਿਹਾਸਕ ਜਾਣਕਾਰੀ ਪ੍ਰਿੰਸੀਪਲ ਸਾਹਿਬ ਦੀ ਇਸ ਕਿਤਾਬ ਦਾ ਅਹਿਮ ਹਿੱਸਾ ਹੈ। ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਲੰਪਿਕ ਖੇਡ ਪਿੜ ਸੰਸਾਰ ਦਾ ਸਰਵੋਤਮ ਖੇਡ ਮੇਲਾ ਹੈ ਅਤੇ ਇਸ ਅੰਦਰ ਦੁਨੀਆਂ ਭਰ ਦੇ ਮੁਲਕਾਂ ਦੇ ਖਿਡਾਰੀ ਬਿਨਾਂ ਰੰਗ, ਨਸਲ, ਜਾਤ ਪਾਤ ਅਤੇ ਧਾਰਮਿਕ ਭਿੰਨਤਾ ਦੇ ਖੇਡਦੇ ਹਨ, ਇਹਨਾਂ ਖੇਡਾਂ ਬਾਰੇ ਇਸ ਕਿਤਾਬ ਅੰਦਰ ਜਿਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ ਉਹ ਬਾਕਮਾਲ ਹੈ ਅਤੇ ਸਾਨੂੰ ਹੁਣ ਤੱਕ ਹੋਈਆਂ ਉਲੰਪਿਕ ਖੇਡਾਂ ਦੇ ਦਰਸ਼ਨ ਕਰਵਾਂਉਦੀ ਹੈ। ਬੇਸ਼ੱਕ ਦੁਨੀਆਂ ਦੀ ਦੂਜੀ ਵੱਡੀ ਆਬਾਦੀ ਚੁੱਕੀ ਫਿਰਦਾ ਸਾਡਾ ਦੇਸ਼ ਦੁਨੀਆਂ ਦੇ ਖੇਡ ਮੇਲੇ ਵਿੱਚ ਬਹੁਤ ਪਿੱਛੇ ਹੈ ਪਰ ਉਲੰਪਿਕ ਖੇਡ ਮੇਲੇ ਅੰਦਰ ਹਾਕੀ ਖੇਡ ਨੇ ਭਾਰਤ ਨੂੰ ਚੰਗਾ ਨਾਮਣਾ ਬਖਸ਼ਿਆ ਹੈ, ਇਸ ਖੇਡ ਦੇ ਹੁਣ ਤੱਕ ਦੇ ਅੰਤਰਰਾਸ਼ਟਰੀ ਸਫਰ ਬਾਰੇ ਵੀ ਇਸ ਕਿਤਾਬ ਅੰਦਰ ਚੰਗਾ ਵੇਰਵਾ ਦਰਜ਼ ਹੈ ਜੋ ਸਾਡੇ ਗਿਆਨ ਵਿੱਚ ਵਡਮੁੱਲਾ ਵਾਧਾ ਕਰਦਾ ਹੈ। ਪ੍ਰਿੰਸੀਪਲ ਸਾਹਿਬ ਨੇ ਕਿਵੇਂ 1982 ਦੀਆਂ ਏਸ਼ੀਆਈ ਖੇਡਾਂ ਵੇਲੇ ਸਿੱਖ ਵਿਰੋਧੀ ਮਾਹੌਲ ਅੰਦਰ ਪੰਜਾਬੀ ਟ੍ਰਿਬਿਊਨ ਲਈ ਪੱਤਰਕਾਰੀ ਕੀਤੀ ਅਤੇ ਪਾਠਕਾਂ ਨੂੰ ਭਾਰਤ ਪਾਕਿਸਤਾਨ ਦੇ ਮੈਚਾਂ ਤੋਂ ਇਲਾਵਾ ਏਸ਼ੀਅਨ ਖੇਡਾਂ ਦੇ ਹੋਰਨਾਂ ਈਵੈਂਟਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਕਿਤਾਬ ਅੰਦਰ ਕਸਰਤ ਕਰਨ ਦੇ ਫਾਇਦੇ ਦੱਸੇ ਗਏ ਹਨ ਕਿ ਕਿਵੇਂ ਕਸਰਤ ਮਨੁੱਖੀ ਸ਼ਰੀਰ ਨੂੰ ਰੋਗ ਵਿਹੂਣਾ ਰੱਖਣ ਵਿੱਚ ਆਪਣਾ ਯੋਗਦਾਨ ਪਾਂਉਦੀ ਹੈ ਅਤੇ ਕਿਵੇਂ ਅੱਜ ਪੁਰਾਣੀਆਂ ਖੁਰਾਕਾਂ ਦੀ ਥਾਂ ਅਜੋਕੇ ਪੀਜ਼ੇ ਬਰਗਰਾਂ ਨੇ ਲੈ ਲਈ ਹੈ ਅਤੇ ਮਨੁੱਖੀ ਜੁੱਸਿਆਂ ਨੂੰ ਢਾਹ ਲਾਈ ਹੈ। ਸਰਵਣ ਸਿੰਘ ਹੋਰੀਂ ਜਿੱਥੇ ਆਪ ਖੇਡ ਸਾਹਿਤ ਦੇ ਜਨਮਦਾਤਾ ਹਨ ਉਥੇ ਹੀ ਉਹਨਾਂ ਨੇ ਅਜੋਕੇ ਨਵੇਂ ਖੇਡ ਸਾਹਿਤਕਾਰਾਂ ਦਾ ਇਸ ਕਿਤਾਬ ਅੰਦਰ ਵਰਨਣ ਕੀਤਾ ਹੈ ਅਤੇ ਪੰਜਾਬੀ ਖੇਡ ਸਾਹਿਤ ਦੀ ਚੜਦੀਕਲਾ ਦੀ ਕਾਮਨਾ ਕੀਤੀ ਹੈ। ਤਕਰੀਬਨ 145 ਪੰਨਿਆਂ ਦੀ ਇਸ ਕਿਤਾਬ ਅੰਦਰ ਖੇਡ ਲੇਖਣੀ ਦੇ ਇਸ ਬਾਬਾ ਬੋਹੜ ਨੇ ਜਿੱਥੇ ਰਿਟਾਇਰਮੈਂਟ ਤੋਂ ਬਾਅਦ ਆਪਣੇ ਕੈਨੇਡਾ ਪਰਵਾਸ ਬਾਰੇ ਉਥੋਂ ਦੀ ਆਬੋ ਹਵਾ ਅਤੇ ਵਾਤਾਵਰਨ ਬਾਰੇ ਬਿਆਨ ਕੀਤਾ ਹੈ ਉਥੇ ਹੀ ਪੰਜਾਬ ਅੰਦਰ ਪਰਵਾਸੀਆਂ ਦੀਆਂ ਬਣਾਈਆਂ ਮਹੱਲ ਵਰਗੀਆਂ ਕੋਠੀਆਂ ਬਾਰੇ ਵੀ ਚਾਨਣਾ ਪਾਇਆ ਹੈ। ਅੱਜ ਦੁਨੀਆਂ ਦੇ ਹਰ ਮੁਲਕ ਅੰਦਰ ਪੰਜਾਬੀਆਂ ਦੀ ਅਲੱਗ ਹੀ ਠੁੱਕ ਹੈ ਸੋ ਇਸ ਕਿਤਾਬ ਅੰਦਰ ਉਹਨਾਂ ਨੇ ਪੰਜਾਬੀਆਂ ਦੀ ਵੱਖ ਵੱਖ ਦੇਸ਼ਾਂ ਅੰਦਰਲੀਆਂ ਖੇਡ ਟੀਮਾਂ ਵਿਚਲੀ ਭੂਮਿਕਾ ਨੂੰ ਜਿੱਥੇ ਬਿਆਨਿਆ ਹੈ ਉਥੇ ਹੀ "ਵਿਸ਼ਵ ਸਿੱਖ ਖੇਡਾਂ" ਕਰਵਾਉਣ ਦੀ ਆਪਣੀ ਦਿਲੀ ਇੱਛਾ ਵੀ ਜ਼ਾਹਿਰ ਕੀਤੀ ਹੈ। ਸੋ ਕੁੱਲ ਮਿਲਾ ਕੇ ਉਹਨਾਂ ਨੇ ਇਸ ਕਿਤਾਬ ਵਿੱਚ ਆਪਣੀ ਜਿੰਦਗੀ ਦੇ ਸਮੁੱਚੇ ਖੇਡ ਤਜ਼ਰਬਿਆਂ ਨੂੰ ਬਾਖੂਬੀ ਬਿਆਨ ਕੀਤਾ ਹੈ , ਇਹ ਕਿਤਾਬ ਪੜ੍ਹਦਿਆਂ ਮੈਨੂੰ ਇਉਂ ਲੱਗਿਆ ਜਿਵੇਂ ਮੈਂ ਉਹਨਾਂ ਨਾਲ ਹੀ ਇਸ ਮੈਰਾਥਨ ਵਿੱਚ ਭਾਗ ਲੈ ਰਿਹਾ ਹੋਵਾਂ।।