ਕੁੱਕੜ ਉੱਤੇ ਆਪਣੇ ਮਾਲਕ ਨੂੰ ਕਤਲ ਕਰਨ ਦਾ ਦੋਸ਼, ਚਾਕੂ ਸਣੇ ਕੁੱਕੜ ਨੂੰ ਕੀਤਾ ਜਾਵੇਗਾ ਅਦਾਲਤ ‘ਚ ਪੇਸ਼ !

ਬੇਚਾਰੇ ਕੁੱਕੜ ਲੱਖਾਂ ਦੀ ਗਿਣਤੀ ਵਿੱਚ ਰੋਜਾਨਾਂ ਮਾਰ ਕੇ ਇਨਸਾਨ ਦੀ ਜੀਭ ਨੂੰ ਤ੍ਰਿਪਤ ਕਰਨ ਲਈ ਰੈਸਟੋਰੈਂਟਾਂ ‘ਚ ਗ੍ਰਾਹਕਾਂ ਅੱਗੇ ਪਰੋਸੇ ਜਾਂਦੇ ਹਨ । ਪਰ ਤੁਹਾਨੂੰ ਬੇਜੁਬਾਨ ਕੁੱਕੜ ਤੋਂ ਆਪਣੇ ਹੀ ਮਾਲਕ ਦੇ ਹੋਏ ਕਤਲ ਦੀ ਇੱਕ ਬੜੀ ਹੀ ਅਜੀਬ ਦਾਸਤਾਨ ਸੁਣਾਉਣ ਜਾ ਰਹੇ ਹਾਂ । ਭਾਵੇਂ ਇਹ ਗੱਲ ਪੜ੍ਹਕੇ ਤੁਹਾਡੇ ਜਿਹਨ ਵਿੱਚ ਨਾ ਉੱਤਰੇ , ਪਰ ਇਹ ਘਟਨਾ ਬਿਲਕੁਲ ਸੱਚੀ ਹੈ । ਦੱਖਣੀ ਭਾਰਤੀ ਸੂਬੇ ਤੇਲੰਗਾਨਾ ਵਿੱਚ ਉਕਤ ਘਟਨਾ ਸਬੰਧੀ ਹੈਰਾਨ ਕਰ ਦੇਣ ਵਾਲ਼ਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ ਕੁੱਕੜ ਹੱਥੋਂ ਆਪਣੇ ਮਾਲਕ ਦਾ ਚਾਕੂ ਨਾਲ ਕਤਲ ਹੋ ਗਿਆ । ਤੇਲੰਗਾਨਾ ਦੇ ਜਿਗਿਤਿਯਾਲ ਜਿਲ੍ਹੇ ਦੇ ਪਿੰਡ ਲੋਥੁਨੂਰ ਵਿੱਚ ਇਹ ਸੱਚੀ ਘਟਨਾ ਵਾਪਰੀ ਜਿੱਥੇ ਕੁੱਕੜਾਂ ਦੀ ਲੜਾਈ ਰੱਖੀ ਗਈ ਸੀ । ਇਸ ਵਿੱਚ ਕੁੱਕੜ ਦੇ ਪੰਜੇ ਵਿੱਚ ਤੇਜ਼ਧਾਰ ਚਾਕੂ ਬੰਨ੍ਹਿਆ ਜਾਂਦਾ ਹੈ । ਇਸ ਬਦਕਿਸਮਤ ਕੁੱਕੜ ਦੇ ਪੰਜੇ ਨਾਲ ਵੀ ਉਸਦੇ ਸਤੀਸ਼ ਨਾਮੀ ਮਾਲਕ ਨੇ ਚਾਕੂ ਬੰਨ੍ਹਿਆ ਹੋਇਆ ਸੀ । ਸਤੀਸ਼ ਦਾ ਇਹ ਕੁੱਕੜ ਆਪਣੇ ਸਾਹਮਣੇ ਖੜ੍ਹੇ ਵਿਰੋਧੀ ਕੁੱਕੜ ਨਾਲ ਲੜਨ ਲਈ ਤੜਪ ਰਿਹਾ ਸੀ । ਜਿਉਂ ਹੀ ਉਹ ਸਤੀਸ਼ ਹੱਥੋਂ ਜੋਸ਼ ਨਾਲ ਉੱਡਿਆ, ਉਸਦੇ ਪੰਜੇ ਨਾਲ ਬੰਨ੍ਹਿਆ ਚਾਕੂ ਸਤੀਸ਼ ਦੇ ਪੇਟ ਅੰਦਰ ਧਸ ਗਿਆ । ਪੇਟ ਵਿੱਚੋਂ ਜਿਆਦਾ ਖੂਨ ਵਹਿਣ ਕਾਰਨ ਹਸਪਤਾਲ ਵਿੱਚ ਸਤੀਸ਼ ਦੀ ਮੌਤ ਹੋ ਗਈ ਅਤੇ ਪੁਲੀਸ ਵੱਲੋਂ “ਕਾਤਲ”ਕੁੱਕੜ ਨੂੰ ਸਤੀਸ਼ ਦੀ ਮੌਤ ਤੋਂ ਤੁਰੰਤ ਬਾਦ ਸਤੀਸ਼ ਦੇ ਕਤਲ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ । ਮਿਲੀ ਜਾਣਕਾਰੀ ਅਨੁਸਾਰ ਕੁੱਕੜ ਨੂੰ ਪੋਲਟਰੀ ਫਾਰਮ ਵਿੱਚ ਸੁਰਖਿਅਤ ਰੱਖਿਆ ਗਿਆ ਹੈ । ਪੁਲੀਸ ਨੇ ਸਤੀਸ਼ ਦੇ ਕਤਲ ਦੀ ਜਾਂਚ ਸਬੰਧੀ ਕੁੱਕੜਾਂ ਦੀ ਲੜਾਈ ’ਚ ਸ਼ਾਮਲ ਕੁਝ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਤਾਂ ਜੋ ਇਹਨਾਂ ਨੂੰ ਵੀ “ਕਾਤਲ” ਕੁੱਕੜ ਸਮੇਤ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ ।

Entertainment Category