ਜੀਵਨ ’ਚ ਕੁੱਝ ਵੀ ਅਸੰਭਵ ਨਹੀਂ

ਜੀਵਨ ’ਚ ਕੁੱਝ ਵੀ ਅਸੰਭਵ ਨਹੀਂ ਹੈ। ਹਰ ਇਨਸਾਨ ਦੀ ਜ਼ਿੰਦਗੀ ’ਚ ਸੁੱਖ-ਦੁੱਖ ਆਉਂਦੇ ਰਹਿੰਦੇ ਹਨ। ਉਤਾਰ-ਚੜਾਅ ਜ਼ਿੰਦਗੀ ਦਾ ਹਿੱਸਾ ਹਨ। ਜਦੋਂ ਵੀ ਮਾੜਾ ਸਮਾਂ ਆਉਂਦਾ ਹੈ ਤਾਂ ਸਾਨੂੰ ਉਸ ਦੌਰਾਨ ਸਾਕਾਰਾਤਮਿਕ ਸੋਚ, ਸਹਿਣਸ਼ੀਲਤਾ, ਸਹਿਜ ਹੋ ਕੇ ਹੀ ਚੱਲਣਾ ਪੈਂਦਾ ਹੈ। ਡਾਵਾਂਡੋਲ ਕਦੇ ਵੀ ਨਾ ਹੋਵੋ। ਹਰ ਸਮੱਸਿਆ ਦਾ ਹੱਲ ਹੈ। ਜੇਕਰ ਸਾਨੂੰ ਉਸ ਸਮੇਂ ਦਾ ਹੱਲ ਨਹੀਂ ਮਿਲਦਾ ਤਾਂ ਉਸ ਨੂੰ ਵਕਤ ’ਤੇ ਛੱਡ ਦੇਣਾ ਚਾਹੀਦਾ ਹੈ। ਨਕਾਰਾਤਮਿਕ ਵਿਚਾਰਾਂ ਵਾਲੇ ਦੋਸਤਾਂ ਤੋਂ ਦੂਰੀ ਬਣਾਉ। ਸੋਚ-ਸਮਝ ਕੇ ਹੀ ਦੋਸਤਾਂ-ਮਿੱਤਰਾਂ ’ਤੇ ਵਿਸ਼ਵਾਸ ਕਰੋ। ਕਿਹਾ ਵੀ ਜਾਂਦਾ ਹੈ ਕਿ ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਹਨ। ਦੋਸਤ ਉਹ ਹੁੰਦਾ ਹੈ, ਜਿਸ ਨਾਲ ਅਸੀਂ ਸੁੱਖ-ਦੁੱਖ ਸਾਂਝਾ ਕਰਦੇ ਹਨ। ਦੋਸਤੀ ਕਰਨ ਲੱਗਿਆ ਚੰਗੀ ਤਰ੍ਹਾਂ ਪਰਖੋ ਕਿ ਇਹ ਬੰਦਾ ਕਿਤੇ ਤੁਹਾਡੇ ਦੁਸ਼ਮਣ ਕੋਲ ਤੁਹਾਡੀਆਂ ਗੱਲਾਂ ਤਾਂ ਨਹੀਂ ਕਰਦਾ। ਇਸ ਦਾ ਤੁਹਾਡੇ ਦੁਸ਼ਮਣਾਂ ਨਾਲ ਕੋਈ ਨੇੜਤਾ ਤਾਂ ਨਹੀਂ ਹੈ। ਦੋਸਤ ਦਾ ਵੀ ਫਰਜ਼ ਬਣਦਾ ਹੈ ਕਿ ਜੇ ਉਸ ਦੇ ਕੋਲ ਕਿਸੇ ਨੇ ਸੁੱਖ-ਦੁੱਖ ਦੀ ਗੱਲ ਕੀਤੀ ਹੈ ਤਾਂ ਉਸ ਨੂੰ ਛੱਜ ’ਚ ਪਾ ਕੇ ਨਾ ਛੱਟੇ। ਸਮਾਜ ’ਚ ਵਿਚਰਦੇ ਹੋਏ ਸਾਨੂੰ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ।