ਸਿਹਤ ਸੰਬੰਧੀ ਜਾਣਕਾਰੀ

ਕਿਸੇ ਵੀ ਦੇਸ਼ ਦੇ ਸਮਾਜ ਅਤੇ ਸੱਭਿਆਚਾਰ ਦਾ ਪ੍ਰਫੁੱਲਿਤ ਅਤੇ ਵਿਕਾਸਸ਼ੀਲ ਹੋਣਾ ਉੱਥੋਂ ਦੇ ਵਸ਼ਿੰਦਿਆਂ ਦੇ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਹੋਣ ਉੱਤੇ ਨਿਰਭਰ ਕਰਦਾ ਹੈ । ਸਿਹਤਮੰਦ ਜੀਵਨ ਜਿਉਣਾ ਮਨੁੱਖ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਇਹੀ ਊਰਜਾ ਬਿਮਾਰੀਆਂ ਦੇ ਪੈਦਾ ਹੋਣ ਦੇ ਖਤਰਿਆਂ ਨੂੰ ਵੀ ਘਟਾਉਂਦੀ ਹੈ । ਸਰੀਰਕ ਅਤੇ ਮਾਨਸਿਕ ਤੰਦਰੁਸਤੀ ਦੇ ਜ਼ਰੀਏ ਜ਼ਿੰਦਗੀ ਜਿਉਣ ਵਾਲਾ ਵਿਅਕਤੀ ਇੱਕ ਦੂਸਰੇ ਬਿਮਾਰ ਵਿਅਕਤੀ ਦੇ ਮੁਕਾਬਲੇ ਹਮੇਸ਼ਾਂ ਆਪਣੀ ਜ਼ਿੰਦਗੀ ਦੇ ਹਰ ਪਹਿਲੂ ਦਾ ਬਿਹਤਰ ਅਤੇ ਭਰਪੂਰ ਆਨੰਦ ਮਾਣਦਾ ਹੈ । ਅਸਲ ਵਿੱਚ ਅਸੀਂ ਚੰਗੀ ਸਿਹਤ ਦਾ ਮਤਲਬ ਕਿਸੇ ਬਿਮਾਰੀ ਰਹਿਤ ਹੋਣਾ ਨਹੀਂ ਸਗੋਂ ਤੰਦਰੁਸਤ ਮਾਨਸਿਕਤਾ ਜਿਉਣਾ ਹੀ ਕੱਢ ਸਕਦੇ ਹਾਂ । ਮਨ ਅਤੇ ਤਨ ਦਾ ਨਿਰੋਗ ਵਿਅਕਤੀ ਹੀ ਸੰਸਾਰਿਕ ਸੁੱਖਾਂ ਦੀ ਪ੍ਰਾਪਤੀ ਕਰ ਸਕਦਾ ਹੈ । ਸਰੀਰਕ ਅਤੇ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਇੱਕ ਚੰਗਾ ਸਮਾਜ ਸਿਰਜਕ ਨਹੀਂ ਹੋ ਸਕਦਾ । ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਹੋਣਾ ਕਿਸੇ ਰੱਬੀ ਰਹਿਮਤ ਦੇ ਸਮਾਨ ਹੈ । ਸਿਹਤਮੰਦ ਮਨੁੱਖ ਹੀ ਇੱਕ ਚੰਗੇ ਸੱਭਿਆਚਾਰਕ ਸਮਾਜ ਦੀ ਸਿਰਜਣਾ ਵਿੱਚ ਆਪਣਾ ਸੁਚੱਜਾ ਯੋਗਦਾਨ ਪਾ ਸਕਦਾ ਹੈ । ਪੰਜਾਬੀ ਸੱਭਿਆਚਾਰ ਵਿੱਚ ਸਿਹਤ ਸਬੰਧੀ ਕਹਾਵਤਾਂ ਆਮ ਹੀ ਸੁਣਨ ਨੂੰ ਮਿਲ ਜਾਂਦੀਆਂ ਹਨ -

“ ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਸੰਵਾਦ ਗਿਆ “

ਚੰਗੀ ਸਿਹਤ ਪੰਜਾਬੀਆਂ ਦੀ ਮੂਲ-ਪਛਾਣ ਮੰਨੀ ਗਈ ਹੈ । ਪੰਜਾਬੀ ਸ਼ਬਦ ਸਾਡੇ ਜ਼ਿਹਨ ਵਿੱਚ ਆਉਂਦਿਆਂ ਹੀ ਸਾਡੇ ਮੂਹਰੇ ਇੱਕ ਉੱਚੇ-ਲੰਮੇ ਸੁਡੌਲ ਜੁੱਸੇ ਵਾਲੇ ਗੱਭਰੂ ਦੀ ਸੂਰਤ ਆ ਜਾਂਦੀ ਹੈ ।
ਪੰਜਾਬੀਆਂ ਨੂੰ ਸੰਸਾਰ ਵਿੱਚ ਵਿਰਾਸਤੀ ਸਿਹਤਮੰਦ ਕੌਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਪੰਜਾਬੀ ਵਿਰਸਾ ਬਹੁਤ ਹੀ ਬਹੁਮੁੱਲਾ ਮਹਾਨ ਵਿਰਸਾ ਹੈ । ਪੰਜਾਬੀਆਂ ਦੀ ਨਰੋਈ ਸਿਹਤ ਦਾ ਰਾਜ ਪੰਜਾਬ ਦੀਆਂ ਦੇਸੀ ਖੁਰਾਕਾਂ ਹਨ । ਸਾਡੇ ਵਿਰਸੇ ਵਿੱਚ ਪੰਜਾਬੀ ਰਸੋਈ ਸਿਹਤਮੰਦ ਪੰਜਾਬੀ ਪੈਦਾ ਕਰਨ ਵਿੱਚ ਚੋਖਾ ਯੋਗਦਾਨ ਪਾਉਂਦੀ ਹੈ ।ਪੰਜਾਬ ਦੀ ਸੁਆਣੀ ਸਵੇਰੇ ਪਹੁ-ਫੁਟਾਲੇ ਨਾਲ ਉੱਠਕੇ ਧਾਰਾਂ ਚੋਂਦੀ ਹੈ ਅਤੇ ਚਾਟੀ ਵਿੱਚ ਮਧਾਣੀ ਪਾ ਕੇ ਦੁੱਧ ਲਾਏ ਜਾਗ ਨੂੰ ਰਿੜਕਦੀ ਹੈ । ਸਵੇਰ ਦਾ ਤਾਜਾ ਮੱਖਣ, ਦਹੀਂ ਅਤੇ ਲੱਸੀ ਪੀ ਕੇ ਪੰਜਾਬੀ ਰਿਸ਼ਟ-ਪੁਸ਼ਟ ਨਹੀਂ ਤਾਂ ਹੋਰ ਕੀ ਹੋਣਗੇ । ਪੰਜਾਬੀਆਂ ਦੀਆਂ ਮਨਪਸੰਦ ਖੁਰਾਕਾਂ ਦੁੱਧ-ਘਿਉ, ਲੱਸੀ- ਦਹੀਂ, ਮੱਖਣ ਅਤੇ ਸਾਗ ਆਦਿ ਹਨ । ਇਸਤੋਂ ਬਿਨਾ ਖੋਆ, ਪਨੀਰ, ਪੰਜੀਰੀ, ਮਾਲ੍ਹ-ਪੂੜੇ ਅਤੇ ਦੇਸੀ ਖੁਰਾਕਾਂ ਹੀ ਪੰਜਾਬੀਆਂ ਦੀ ਨਰੋਈ ਸਿਹਤ ਦਾ ਰਾਜ ਹੈ । ਚੰਗਾ ਖਾਣਾ ਅਤੇ ਰਿਸ਼ਟ-ਪੁਸ਼ਟ ਹੋਣਾ ਪੰਜਾਬੀਆਂ ਨੂੰ ਗੁੜ੍ਹਤੀ ਵਿੱਚ ਸਾਡੇ ਗੁਰੂਆਂ ਦੁਆਰਾ ਬਖਸ਼ਿਆ ਰੂਹਾਨੀ ਤੋਹਫ਼ਾ ਹੈ । ਸਿਆਣਿਆਂ ਦਾ ਕਥਨ ਹੈ ਕਿ ਚੰਗੀ ਸਿਹਤ ਬਿਨਾ ਤਾਂ ਬੰਦਾ ਇੱਕ ਪੈਰ ਵੀ ਨਹੀਂ ਪੁੱਟ ਸਕਦਾ। ਗੁਰੂ ਨਾਨਕ ਸਾਹਿਬ ਦੁਆਰਾ ਆਪਣੀਆਂ ਚਾਰ ਉਦਾਸੀਆਂ ਰਾਹੀਂ ਸਾਰੇ ਸੰਸਾਰ ਦਾ ਭ੍ਰਮਣ ਕਰਨਾ ਇਸ ਗੱਲ ਦਾ ਹੋਰ ਕੀ ਸਬੂਤ ਹੋ ਸਕਦਾ ਹੈ । ਗੁਰੂ ਅੰਗਦ ਦੇਵ ਜੀ ਨੇ ਵੀ ਆਪਣੇ ਗੁਰੂ ਕਾਲ ਸਮੇ ਸਰੀਰਕ ਤੰਦਰੁਸਤੀ ਲਈ ਕੁਸ਼ਤੀ ਦੇ ਅਖਾੜਿਆਂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਸੀ । ਗੁਰੂ ਸਾਹਿਬ ਨੇ ਮਨੁੱਖ ਨੂੰ ਮਾੜੇ ਵਿਸ਼ੇ-ਵਿਕਾਰਾਂ ਅਤੇ ਨਸ਼ਿਆਂ ਵੱਲੋਂ ਮੋੜ ਕੇ ਇੱਕ ਤੰਦਰੁਸਤ ਰਹਿ ਕੇ ਚੰਗੀ ਜੀਵਨ ਜਾਂਚ ਜਿਉਣ ਲਈ ਗੁਰਬਾਣੀ ਰਾਹੀਂ ਪ੍ਰੇਰਣਾ ਦਿੱਤੀ -

                                                                   ਬਾਬਾ ਹੋਰ ਖਾਣਾ ਖੁਸ਼ੀ ਖੁਆਰ ।
                                                    ਜਿਤੁ ਖਾਧੇ ਤਨੁ ਪੀੜੀਐ ਮਨਿ ਮਹਿ ਚਲਹੁ ਵਿਕਾਰ ।।


ਸਮੇ ਦੀ ਤੇਜ਼ ਚਾਲ ਨੇ ਸਾਡੀ ਪੁਰਾਤਨ ਜੀਵਨ ਸ਼ੈਲੀ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ । ਇਸਨੇ ਸਾਡੇ ਖਾਣ-ਪੀਣ ਵਿੱਚ ਵੱਡੀ ਤਬਦੀਲੀ ਲਿਆਂਦੀ ਹੈ । ਸਾਡੇ ਰਵਾਇਤੀ ਖਾਣ-ਪੀਣ ਵਿੱਚੋਂ ਅਨੇਕਾਂ ਖਾਦ ਪਦਾਰਥ ਅਲੋਪ ਹੋ ਚੁੱਕੇ ਹਨ । ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਨੂੰ ਇੰਨੀ ਕੁ ਰੁਝੇਵਿਆਂ ਭਰੀ ਬਣਾ ਲਿਆ ਹੈ ਕਿ ਅੱਜ ਸਾਡੇ ਕੋਲ ਸਾਡੇ ਵੱਲੋਂ ਖ਼ੁਦ ਸਾਡੇ ਆਪਣੇ ਲਈ ਵੀ ਆਪਣੇ ਹੱਥੀਂ ਭੋਜਨ ਬਣਾ ਕੇ ਖਾਣ ਲਈ ਵਕਤ ਨਹੀਂ ਬਚਿਆ । ਜਿਸਦੇ ਸਿੱਟੇ ਵਜੋਂ ਅੱਜ ਅਸੀਂ ਬਣੇ ਬਣਾਏ ਪਕਵਾਨਾਂ ਭਾਵ ਬਰਗਰ-ਪੀਜਿਆਂ ਨਾਲ ਆਪਣਾ ਢਿੱਡ ਹੀ ਨਹੀ ਭਰ ਰਹੇ ਸਗੋਂ ਅੰਨ੍ਹੇ ਬਣਕੇ ਜਹਿਰਾਂ ਨਿਗਲ ਰਹੇ ਹਾਂ । ਸਾਬਤ ਮਸਾਲੇ ਅਤੇ ਅਯੁਰਵੈਦਿਕ ਔਸ਼ੁਧੀਆਂ ਸਾਡੀ ਭਾਰਤੀ ਸੰਸਕ੍ਰਿਤੀ ਦਾ ਅਮੱਲ ਖਜਾਨਾ ਹਨ ਜੋ ਅਜੋਕੀ ਪੀੜ੍ਹੀ ਨੇ ਸਾਡੀ ਰਸੋਈ ਵਿੱਚੋਂ ਇੱਕ ਤਰਾਂ ਨਾਲ ਹਟਾ ਹੀ ਦਿੱਤੀਆਂ ਹਨ । ਲੂਣਦਾਨੀ ਹੁਣ ਸਾਡੀ ਰਸੋਈ ਦਾ ਸ਼ਿੰਗਾਰ ਨਹੀਂ ਰਹੀ । ਘਰ ਵਿੱਚ ਤਿਆਰ ਕੀਤੇ ਅਚਾਰ-ਮੁਰੱਬਿਆਂ ਨੂੰ ਤਾਂ ਹੁਣ ਜਿਵੇਂ ਸਾਡੀ ਜੀਭ ਤਰਸ ਰਹੀ ਹੋਵੇ । ਅਸੀਂ ਆਪਣੇ ਸਰੀਰ ਨੂੰ ਬਾਜ਼ਾਰਾਂ ਵਿੱਚ ਕੈਮੀਕਲਾਂ ਤੋਂ ਬਣੇ ਖਾਣ-ਪਾਣ ਦੇ ਗੁਲਾਮ ਬਣਾ ਲਿਆ ਹੈ । ਹੁਣ ਸਾਡੇ ਲਈ ਭੋਜਨ ਖਾਣ ਪਿੱਛੋਂ ਬਾਜ਼ਾਰੂ ਹਾਜਮੋਲਾ ਲੈਣਾ ਜ਼ਰੂਰੀ ਹੋ ਗਿਆ ਹੈ । ਅਸੀਂ ਆਪਣੇ ਜੀਵਨ ਵਿੱਚੋਂ ਹੱਥੀਂ ਮਿਹਨਤ ਕਰਨੀ ਛੱਡਕੇ ਜਿੰਮ ਜਾਣਾ ਫ਼ਖ਼ਰ ਮਹਿਸੂਸ ਕਰਦੇ ਹਾਂ । ਗੱਲ ਕੀ ਅਸੀਂ ਆਪਣੇ ਜੀਵਨ ਦੀ ਵਾਗਡੋਰ ਆਲਸ ਦੇ ਸਪੁਰਦ ਕਰਕੇ ਆਪਣੇ ਜੀਵਨ ਦੀ ਧੌਣ ਉੱਤੇ ਆਪਣੇ ਹੀ ਹੱਥੀਂ ਮੌਤ ਦਾ
ਖ਼ੰਜਰ ਰੱਖ ਲਿਆ ਹੈ।
ਸੋ ਸਾਨੂੰ ਪੰਜਾਬ ਦੇ ਸਰਬ-ਪੱਖੀ ਵਿਕਾਸ ਲਈ ਸਭ ਤੋਂ ਪਹਿਲਾਂ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਪ੍ਰਤੀ ਸੁਚੇਤ ਹੋਣਾ ਪਵੇਗਾ ਤਾਂ ਕਿ ਸਾਡੀ ਸਿਹਤ ਸੱਭਿਅਤਾ ਨਿੱਖਰਕੇ ਸੋਹਣੀ-ਸੁਨੱਖੀ, ਜਵਾਨ ਅਤੇ ਹੋਰ ਖ਼ੂਬਸੂਰਤ ਬਣ ਜਾਵੇ।