ਚੰਗੀ ਚੀਜ਼

ਧੀ ਜਣੇਪਾ ਕੱਟਣ ਆਪਣੇ ਪੇਕੇ ਪਿੰਡ ਆਈ ਹੋਈ ਸੀ, ਉਸ ਦੀ ਮਾਂ ਸਵੇਰੇ-ਸ਼ਾਂਮ ਪਰਮਾਤਮਾ ਅੱਗੇ ਏਹੀ ਦੁਆ ਕਰਦੀ ਸੀ ਕਿ ਸੱਚੇ ਪਾਤਸ਼ਾਹ ਮੇਰੀ ਧੀ ਨੂੰ ਕੋਈ ਚੰਗੀ ਚੀਜ਼ ਦੇ ਦੇਵੀਂ ਅੱਜ ਦਸਮੀ ਵਾਲੇ ਦਿਨ ਵੀ ਬਾਹਰ ਸਮਾਧਾਂ ’ਤੇ ਜਾ ਕੇ ਏਹੀ ਮੰਗ ਕਰਕੇ ਆਈ ਸੀ। ਘਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਏਹੀ ਦੁਆ ਕਰਨ ਲੱਗੀ ਤਾਂ ਚੰਗੀ ਪੜ੍ਹੀ ਲਿਖੀ ਧੀ ਤੋਂ ਰਿਹਾ ਨਾ ਗਿਆ, ਉਹ ਕਹਿੰਦੀ, ‘ਮਾਂ! ਮੈਂ ਕਈ ਦਿਨ ਤੋਂ ਤੇਰੇ ਮੂੰਹ ਵੱਲ ਵੇਖ ਰਹੀ ਹਾਂ ਕਿ ਤੂੰ ਚੰਗੀ ਚੀਜ਼ ਦੀ ਰਟ ਲਾਈ ਹੋਈ ਹੈ। ਅੱਜ ਜਦੋਂ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਅੱਗੇ ਵੀ ਏਹੀ ਮੰਗ ਰੱਖ ਦਿੱਤੀ ਤਾਂ ਮੈਨੂੰ ਗੁੱਸਾ ਆ ਗਿਆ, ਜਿਸ ਗੁਰੂ ਨੇ ਔਰਤ ਨੂੰ ਐਨਾ ਊਚਾ ਦਰਜਾ ਦੇ ਕੇ ਸਤਿਕਾਰਿਆ ਅਤੇ ਸਨਮਾਨਿਆ ਹੋਵੇ ਉਸ ਸਾਹਮਣੇ ਵੀ ਤੂੰ ਧੀ ਨੂੰ ਮਾੜੀ ਚੀਜ਼ ਸਮਝ ਕੇ ਚੰਗੀ ਚੀਜ਼ ਭਾਵ ਪੁੱਤਰ ਦੀ ਮੰਗ ਕਰੀ ਜਾਨੀ ਏਂ, ਮਾਂ ਤੇਰਾ ਕਿੱਥੇ ਭਲਾ ਹੋਵੇਗਾ? ਗੁਰੂ ਜੀ ਤੇਰੇ ’ਤੇ ਕਰੋਪ ਨਾ ਹੋਣਗੇ? ਪਹਿਲਾਂ ਜਿਹੜੀ ਤੂੰ ਚੰਗੀ ਚੀਜ਼ ਲਈ ਹੈ ਉਹ ਹਰ ਰੋਜ਼ ਸ਼ਰਾਬ ਪੀ ਕੇ ਤੁਹਾਡੇ ਦੋਨਾਂ ਜੀਆਂ ਦੀ ਐਨੀ ਲਾਹ ਪਾਹ ਕਰਦਾ ਹੈ ਲੋਕਾਂ ਨਾਲ ਲੜਦਾ ਭਿੜਦਾ ਹੈ। ਅਸੀਂ ਦੋਨੋਂ ਧੀਆਂ ਤੁਹਾਡੇ ਸਾਹ ਵਿਚ ਸਾਹ ਲੈਂਦੀਆਂ ਹਾਂ ਤੁਹਾਡਾ ਥੋੜ੍ਹਾ ਜਿਹਾ ਦੁੱਖ ਦੇਖ ਕੇ ਭੱਜੀਆਂ ਆਉਂਦੀਆਂ ਹਾਂ। ਇਸ ਚੰਗੀ ਚੀਜ਼ ਨੇ ਤੁਹਾਨੂੰ ਸੂਲੀ ਟੰਗਿਆ ਹੋਇਆ ਹੈ। ਕੀ ਇਹ ਅਜੇ ਵੀ ਚੰਗੀ ਚੀਜ਼ ਹੈ? ਮਾਂ ਡੂੰਘਾ ਹਉਕਾ ਲੈ ਕੇ ਬੋਲੀ, ‘ਧੀਏ! ਮੈਨੂੰ ਮੁਆਫ਼ ਕਰ ਦੇ ਮੈਂ ਆਪਣੀ ਮਾਂ ਅਤੇ ਸੱਸ ਵਾਂਗ ਹੀ ਅੱਖਾਂ ਮੀਚ ਕੇ ਦੁਆ ਕਰੀ ਗਈ ਅਤੇ ਲਕੀਰ ਦੀ ਫ਼ਕੀਰ ਬਣੀ ਰਹੀ ਤੁਸੀਂ ਸੱਚਮੁੱਚ ਹੀ ਸਾਡੇ ਲਈ ਬਹੁਤ ਹੀ ਚੰਗੀਆਂ ਚੀਜ਼ਾਂ ਹੋ, ਜਿਸ ਨੂੰ ਅਸੀਂ ਚੰਗੀ ਚੀਜ਼ ਸਮਝਿਆ ਸੀ ਉਹ ਇੱਕ ਬਹੁਤ ਵੱਡਾ ਭੁਲੇਖਾ ਸੀ। ਜਿਹੜਾ ਤੂੰ ਧੀਏ ਦੂਰ ਕਰ ਦਿੱਤਾ।