ਭੰਡਾ ਭੰਡਾਰੀਆ

ਵਿਰਾਸਤੀ ਖੇਡਾਂ, ਦਾ ਨਹੀਂ ਜਵਾਬ ਜੀ।
ਵਿਰਸੇ ’ਚੋਂ ਦਿਸੇ, ਆਪਣਾ ਪੰਜਾਬ ਜੀ।
ਨਿੱਕੇ ਬਾਲ ਖੇਡ, ਕੇ ਹੁੰਦੇ ਨਿਹਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਪੰਜ, ਸੱਤ ਬੱਚੇ, ਖੇਡਣ ਨੂੰ ਆਂਵਦੇ।
ਖ਼ਾਲੀ ਹੱਥ ਆਕੇ, ਮਨ ਪਰਚਾਂਵਦੇ।
ਹੋਰ ਕਿਸੇ ਸ਼ੈਅ ਦੀ ਨਹੀਂ ਹੁੰਦੀ ਭਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਹੁੰਦੇ ਇਕੱਤਰ, ਕਿਸੇ ਵੀ ਮੈਦਾਨ ਜੀ।
ਜਾਂ ਫਿਰ ਬਣਦੇ ਵਿਹੜਿਆਂ ਦੀ ਸ਼ਾਨ ਜੀ।
ਚਲਣਾ ਸਭਨੇ, ਅਸੂਲਾਂ ਦੇ ਨਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਸਭ ਤੋਂ ਪਹਿਲਾਂ ਹੈ ਸਾਥੀ ਨੂੰ ਪੁਗਾਵਣਾ।
ਅੱਖਾਂ ਮੀਟ ਉਹਨੂੰ, ਭੁੰਜੇ ਹੈ ਬਿਠਾਵਣਾ।
ਫਾਡੀ ਦੇ ਸਿਰ ’ਤੇ, ਮੁੱਠੀਆਂ ਦੀ ਪਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਭੰਡਾ ਭੰਡਾਰੀਆ ਕਿਤਨਾ ਕੁ ਭਾਰ ਹੈ।
ਇੱਕ ਮੁੱਠ ਚੁੱਕੋ ਦੂਸਰੀ ਤਿਆਰ ਹੈ।
ਪੁਛਦੇ ਨੇ ਸਾਰੇ, ਹੀ ਰਲਾ ਕੇ ਤਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਕਿਥੇ ਕੌਣ ਲੁਕੇ ਰਖਦੇ ਖਿਆਲ ਨੇ।
ਚਾਅ ਨਾਲ ਖੇਡਦੇ ਨਿੱਕੇ ਨਿੱਕੇ ਬਾਲ ਨੇ।
ਕਰਦੇ ਨੇ ਮੁੜ ਕੇ ਉਹੀ ਸਵਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਆਖ਼ਰੀ ਜਣਾ ਜੇ, ਚੁੱਕ ਲੈਂਦਾ ਮੁੱਠ ਜੀ।
ਖੋਲ ਲੈਂਦਾ ਅੱਖਾਂ, ਫਾਡੀ ਵੀ ਤਰੁੱਠ ਜੀ।
ਛੂਹਣ ਨੂੰ ਫਿਰਦਾ, ਪਬਾਂ ਨੂੰ ਸੰਭਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਛੂਹਣ ਵੇਲੇ ਬੱਚਾ, ਜਿਹੜਾ ਕਾਬੂ ਆਂਵਦਾ।
ਫਿਰ ਉਹੀ ਜਣਾ, ਮੀਟੀ ਬਣ ਜਾਂਵਦਾ।
ਨਵੇਂ ਸਿਰੇ ਹੁੰਦੀ ਹੈ ਖੇਡ ਬਹਾਲ ਜੀ।
ਭੰਡਾ ਭੰਡਾਰੀਆ ਦੀ ਖੇਡ ਕਮਾਲ ਜੀ।

ਪ੍ਰੀਤਮਾ