ਫਿਨਲੈਂਡ ਹੈ ਦੁਨੀਆਂ ਦਾ ਸਭ ਵੱਧ ਤੋਂ ਖੁਸ਼ਹਾਲ ਦੇਸ਼ ! ਸੂਚੀ ਵਿੱਚ ਪਕਿਸਤਾਨ ਭਾਰਤ ਤੋਂ ਨਿਕਲਿਆ ਅੱਗੇ !

ਕਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਆਰਥਿਕ ਮੰਦਹਾਲੀ ਵਿੱਚ ਲਿਆ ਸੁੱਟਿਆ ਹੈ । ਦੁਨੀਆਂ ਦੇ ਸਾਰੇ ਹੀ ਖੁਸ਼ਹਾਲ ਦੇਸ਼ਾਂ ਦੀ ਜੀਡੀਪੀ ਵੀ ਇੱਕ ਵਾਰ ਲੜਖੜਾਕੇ ਰਹਿ ਗਈ ਹੈ । ਇਸ ਵਿਸ਼ਵ ਮਹਾਂਮਾਰੀ ਨਾਲ ਹੁਣ ਤੱਕ 27 ਲੱਖ ਕੀਮਤੀ ਜਾਨਾਂ ਜਾ ਚੁੱਕੀਆਂ ਹਨ । ਪਰ ਇਸ ਸਭ ਕੁਝ ਦੇ ਬਾਵਜੂਦ ਇੱਕ ਰਿਪੋਰਟ ਅਨੁਸਾਰ ਫਿਨਲੈਂਡ ਦੇ ਲੋਕ ਕਰੋਨਾ ਸੰਕਟਕਾਲ ਵਿੱਚ ਵੀ ਸਭ ਤੋਂ ਖੁਸ਼ਹਾਲੀ ਭਰੀ ਜਿੰਦਗੀ ਬਤੀਤ ਕਰਦੇ ਰਹੇ ਹਨ । ਸੰਯੁਕਤ ਰਾਸ਼ਟਰ ਵੱਲੋਂ ਜਾਰੀ ਕੀਤੀ “ਵਰਲਡ ਹੈਪੀਨੈੱਸ ਰਿਪੋਰਟ” ਅਨੁਸਾਰ ਫਿਨਲੈਂਡ ਲਗਾਤਾਰ ਚੌਥੀ ਵਾਰ ਦੁਨੀਆਂ ਦੇ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚੋਂ ਪਹਿਲੇ ਸ਼ਥਾਨ ‘ਤੇ ਰਿਹਾ ਹੈ । ਭਾਰਤ 149 ਦੇਸ਼ਾਂ ਦੀ ਜਾਰੀ ਕੀਤੀ ਗਈ ਸੂਚੀ ‘ਚ 139ਵੇਂ ਸਥਾਨ ਉੱਤੇ ਆਇਆ ਹੈ । ਸੰਯੁਕਤ ਰਾਸ਼ਟਰ ਦੇ ਸਥਾਈ ਵਿਕਾਸ ਸਲਿਊਸ਼ਨਜ਼ ਨੈੱਟਵਰਕ ਦੇਆਰਾ ਜਾਰੀ ਵਰਲਡ ਹੈਪੀਨੈੱਸ ਰਿਪੋਰਟ ਅਨੁਸਾਰ ਸੰਸਾਰ ਦੇ 5 ਸਭ ਤੋਂ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿੱਚ, ਫਿਨਲੈਂਡ, ਡੈਨਮਾਰਕ, ਸਵਿਟਜ਼ਰਲੈਂਡ, ਆਇਸਲੈਂਡ ਅਤੇ ਨੀਦਰਲੈਂਡ ਆਦਿ ਦੇ ਨਾਂ ਆਏ ਹਨ । ਰਿਪੋਰਟ ਦੀ ਟਾਪ-10 ਸੂਚੀ ‘ਚ ਕੇਵਲ ਇੱਕੋ ਗੈਰ ਯੌਰਪੀਅਨ ਮੁਲਕ ਨਿਊਜ਼ੀਲੈਂਡ ਸਿਰਫ ਇੱਕ ਅੰਕ ਘੱਟ ਹੋਣ ਕਰਕੇ 9ਵੇਂ ਸਥਾਨ ‘ਤੇ ਰਹਿ ਗਿਆ। ਇਸ ਸੂਚੀ ਵਿੱਚ ਪੁਛਲੇ ਸਾਲ 18ਵੇਂ ਸਥਾਨ ਤੇ ਰਹੀ ਵਿਸ਼ਵ ਸ਼ਕਤੀ ਅਮਰੀਕਾ ਇਸ ਵਾਰ 14ਵੇਂ ਸਥਾਨ ਉੱਤੇ ਹੈ । ਇੰਗਲੈਂਡ ਪਿਛਲੇ ਸਾਲ ਨਾਲੋਂ 5 ਅੰਕਾਂ ਤੋਂ ਹੇਠਾਂ ਖਿਸਕ ਕੇ 18ਵੇਂ ਸਥਾਨ ‘ਤੇ ਆ ਗਿਆ ਹੈ । ਇਸ ਰਿਪੋਰਟ ਨੂੰ ਤਿਆਰ ਕਰਨ ਵਿੱਚ 149 ਦੇਸ਼ਾਂ ਵਿੱਚ ਸਰੀਰਕ ਫਿੱਟਨੈੱਸ ਦੇ ਆਧਾਰ ‘ਤੇ ਗੈਲਪ ਅੰਕੜਿਆਂ ਦੀ ਵਰਤੋਂ ਕੀਤੀ ਗਈ ਹੈ ।

ਰਿਪੋਰਟ ਵਿੱਚ ਭਾਰਤ ਤੋਂ ਵੀ ਘੱਟ ਖੁਸ਼ਹਾਲ ਦੇਸ਼ਾਂ ਵਿੱਚ ਬੁਰੂੰਡੀ, ਯਮਨ, ਤਨਜ਼ਾਨੀਆ, ਹੈਤੀ, ਮਾਲਾਵੀ, ਲੈਸੋਥੋ, ਅਫਗਾਨਿਸਤਾਨ, ਰਵਾਂਡਾ, ਜ਼ਿਮਬਾਬਵੇ ਅਤੇ ਬੋਤਸਵਾਨਾ ਦਾ ਨਾਂ ਆਉਂਦਾ ਹੈ । ਭਾਰਤ ਦਾ ਗੁਆਂਢੀ ਦੇਸ਼ ਨੇਪਾਲ 87ਵੇਂ, ਬੰਗਲਾਦੇਸ਼ 101, ਪਾਕਿਸਤਾਨ 105, ਮਿਆਂਮਾਰ 126 ਅਤੇ ਸ਼੍ਰੀ ਲੰਕਾ 129ਵੇਂ ਸਥਾਨ ‘ਤੇ ਹੈ । ਚੀਨ ਪਿਛਲੇ ਸਾਲ ਨਾਲੋਂ ਵੱਡਾ ਸੁਧਾਰ ਕਰਦਾ ਹੋਇਆ 94ਵੇਂ ਸਥਾਨ ਤੋਂ 19ਵੇਂ ਸਥਾਨ ‘ਤੇ ਪੁੱਜ ਗਿਆ ਹੈ ।

ਜਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੇ ਦੌਰ ਸਮੇਂ ਫਿਨਲੈਂਡ ਦੇ ਨਾਗਰਿਕ ਇੱਕ ਦੂਸਰੇ ਦੀ ਜਾਨ ਬਚਾਉਣ ਦੀ ਭਾਵਨਾ ਵਿੱਚ ਵਿਚਰਦੇ ਹੋਏ ਨੋਟ ਕੀਤੇ ਗਏ । ਇਸ ਪੂਰੀ ਰਿਪੋਰਟ ਨੂੰ ਪੇਸ਼ ਕਰਨ ਵਾਲੇ ਜੈਫਰੀ ਸਚਸ ਦਾ ਕਹਿਣਾ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਭੈੜੇ ਦੌਰ ਤੋਂ ਬਹੁਤ ਕੁਝ ਸਿੱਖਣ ਦੀ ਜਰੂਰਤ ਹੈ । ਇਸ ਮਹਾਂਮਾਰੀ ਨੇ ਸਾਨੂੰ ਇਹ ਸਿਖਾ ਦਿੱਤਾ ਹੈ ਕਿ ਹੁਣ ਆਉਣ ਵਾਲੇ ਸਮੇਂ ਵਿਚ ਸਾਨੂੰ ਪੈਸੇ ਨਾਲੋਂ ਆਪਣੀ ਸਿਹਤ ਪ੍ਰਤੀ ਜਿਆਦਾ ਜਾਗਰੂਕ ਹੋਣਾ ਪੈਣਾ ਹੈ ।