ਆਜਾ ਦੋਸਤਾ ਵੇ ਰਲ ਕੇ...

ਉੱਠ ਗ਼ਾਫ਼ਿਲਾ ਤੂੰ ਜਾਗ ਕਿਉਂ ਵੱਟ ਲਈ ਏ ਚੁੱਪ ਵੇ,
ਫਿਰ ਪਊ ਪਛਤਾਉਣਾ ਜਦੋਂ ਟੁੱਕੇ ਗਏ ਰੁੱਖ ਵੇ।
ਵੇ ਮਾਰ ਹੰਭਲਾ ਜ਼ਮੀਰਾਂ ਆਪਾਂ ਸੁੱਤੀਆਂ ਜਗਾਈਏ,
ਆਜਾ ਦੋਸਤਾ ਵੇ ਰਲ ਕੇ ਰੱਖ, ਪਾਣੀ, ਪੰਛੀ ਬਚਾਈਏ।

ਵਾਤਾਵਰਣ ਨੂੰ ਰੁੱਖ ਸਦਾ ਸਾਫ਼ ਨੇ ਬਣਾਉਂਦੇ,
ਸਾਨੂੰ ਦਿੰਦੇ ਠੰਢੀ ਛਾਂ ਆਪ ਇਹ ਧੁੱਪ ਨੇ ਹੰਢਾਉਂਦੇ।
ਅਰਜਨ, ਆਂਵਲਾ, ਸਹਾਜਣਾ ਨੇ ਬੜੇ ਗੁਣਕਾਰੀ,
ਨਿਰੋਗ ਰੱਖਦੇ ਨੇ ਸਾਨੂੰ ਦੂਰ ਭਜਾਉਂਦੇ ਨੇ ਬਿਮਾਰੀ।
ਲਾ ਕੇ ਰੁੱਖ ਆਪਾਂ ਸਾਰੇ ਬਰਸਾਤਾਂ ਮੋੜ ਲਿਆਈਏ,
ਆਜਾ ਦੋਸਤਾ ਵੇ ਰਲ ਕੇ........

ਹੈ ਬੜੀ ਕੀਮਤੀ ਨਿਆਮਤ ਸਾਡੇ ਜੀਵਨ ਵਿੱਚ ਪਾਣੀ,
ਜੋ ਆ ਗਈ ਇਸ ਦੀ ਖੜੋਤ ਹੋ ਜੂ ਖ਼ਤਮ ਕਹਾਣੀ।
ਸਾਂਭ ਕੁਦਰਤੀ ਸਰੋਤ ਇਹ ਵੱਡਮੁੱਲਾ ਸਰਮਾਇਆ,
ਪਾਣੀ ਦੀ ਮਹਤੱਤਾ ਨੂੰ ਗੁਰਾਂ ਬਾਣੀ ਵਿੱਚ ਫ਼ਰਮਾਇਆ।
ਤੂੰ ਹੋ ਜਾ ਚੋਕੰਨਾ ਘੰਟੀ ਖ਼ਤਰੇ ਦੀ ਆਪਾਂ ਨਾ ਵਜਾਈਏ,
ਆਜਾ ਦੋਸਤਾ ਵੇ ਰਲ ਕੇ........

ਉੱਡ ਗਏ ਜੇ ਦੂਰ ਮੋਰ, ਕੋਇਲਾਂ, ਘੁੱਗੀਆਂ, ਗੁਟਾਰਾਂ,
ਬਾਗਾਂ ਵਿੱਚ ਬੋਲਣਾ ਨਾ ਕਿਸੇ ਉੱਡ ਜਾਣੀਆਂ ਬਹਾਰਾਂ।
ਖ਼ੁਸ ਗਏ ਜੋ ਸਾਥੋਂ ਬਣ ਕੇ ‘ਘਲੋਟੀ’ ਰਹਿ ਜਾਊ ਬਾਤ ਵੇ,
ਮਿੱਠੀਆਂ ਆਵਾਜਾਂ ਨਾਲ ਰੰਗੀਨ ਕੌਣ ਕਰੂ ਪ੍ਰਭਾਤ ਵੇ।
ਆਜਾ ਦੋਸਤਾ ਵੇ ਰਲ ਕੇ........