ਸੁਨਾਮ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਲਗਭਗ 138.71 ਕਰੋੜ ਦੇ ਚੱਲ ਰਹੇ ਹਨ ਵੱਖ-ਵੱਖ ਵਿਕਾਸ ਪ੍ਰੋਜੈਕਟ : ਅਮਨ ਅਰੋੜਾ

  • ਕੈਬਨਿਟ ਮੰਤਰੀ ਨੇ ਸੁਨਾਮ ਹਲਕੇ ਦੀਆਂ ਪੰਚਾਇਤਾਂ, ਯੂਥ ਕਲੱਬਾਂ ਤੇ ਸ਼ਹਿਰੀ ਖੇਤਰਾਂ ਲਈ ਵੰਡੀਆਂ 4.60 ਕਰੋੜ ਰੁਪਏ ਦੀਆਂ ਗ੍ਰਾਂਟਾਂ 
  • ਇੱਕ ਸਾਲ ’ਚ ਹੀ ਮਾਨ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਨਾਲ-ਨਾਲ ਸਿਹਤ ਤੇ ਸਿੱਖਿਆ ਦੇ ਖੇਤਰ ’ਚ ਚੁੱਕੇ ਵੱਡੇ ਕ੍ਰਾਂਤੀਕਾਰੀ ਕਦਮ: ਕੈਬਨਿਟ ਮੰਤਰੀ ਅਮਨ ਅਰੋੜਾ

ਸੰਗਰੂਰ, 16 ਮਾਰਚ : ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ, ਪ੍ਰਿੰਟਿੰਗ ਤੇ ਸਟੇਸ਼ਨਰੀ, ਪ੍ਰਸ਼ਾਸਨਿਕ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਹੁੰ ਚੁੱਕਣ ਤੋਂ ਬਾਅਦ ਅੱਜ ਇੱਕ ਸਾਲ ਪੂਰਾ ਹੋਣ ’ਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ’ਚ ਵੱਡੇ ਕ੍ਰਾਂਤੀਕਾਰੀ ਕਦਮ ਚੁੱਕੇ ਗਏ ਹਨ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿਰਫ਼ ਇੱਕ ਸਾਲ ’ਚ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 27,000 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਸਰਕਾਰੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਵਾਏ ਜਾ ਚੁੱਕੇ ਹਨ। ਸ਼੍ਰੀ ਅਮਨ ਅਰੋੜਾ ਸੁਨਾਮ ਵਿਖੇ ਹਲਕੇ ਦੀਆਂ ਪੰਚਾਇਤਾਂ, ਯੂਥ ਕਲੱਬਾਂ ਅਤੇ ਸ਼ਹਿਰੀ ਖੇਤਰਾਂ ’ਚ ਬਹੁਪੱਖੀ ਵਿਕਾਸ ਕਾਰਜਾਂ ਲਈ 4.60 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੀ ਵੰਡ ਕਰਨ ਮੌਕੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਸੁਨਾਮ ਹਲਕੇ ਦੇ ਵੀ ਸਰਵਪੱਖੀ ਵਿਕਾਸ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਸਿਰਫ਼ ਇੱਕ ਸਾਲ ਅੰਦਰ ਹੀ ਹਲਕੇ ਦੇ ਪਿੰਡਾਂ ਅਤੇ ਸ਼ਹਿਰਾਂ ’ਚ ਲਗਭਗ 138.71 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੋਜੈਕਟਾਂ ’ਚ ਤਕਰੀਬਨ 68 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਲਈ ਪਾਇਪਲਾਈਨ, ਜਗਤਪੁਰਾ ਬਸਤੀ ਲਈ 6.37 ਕਰੋੜ ਦੀ ਲਾਗਤ ਨਾਲ ਸੀਵਰੇਜ ਪਾਈਪਲਾਈਨ, ਲੌਂਗੋਵਾਲ ਅਤੇ ਚੀਮੇ ਬੱਸ ਅੱਡਿਆਂ ਲਈ ਲਗਭਗ 7.25 ਕਰੋੜ ਰੁਪਏ, ਸੁਨਾਮ ਆਈ.ਟੀ.ਆਈ. ’ਚ 1.87 ਕਰੋੜ ਦੀ ਲਾਗਤ ਨਾਲ ਸਟੇਡੀਅਮ, ਆਈ.ਟੀ.ਆਈ. ਦੀ ਮੁਰੰਮਤ ਲਈ 3.27 ਕਰੋੜ ਰੁਪਏ ਦੇ ਕੰਮ, ਲੌਂਗੋਵਾਲ ’ਚ ਤਕਰੀਬਨ 4.5 ਕਰੋੜ ਦੀ ਲਾਗਤ ਨਾਲ ਆਧੁਨਿਕ ਸਟੇਡੀਅਮ ਬਣਨ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ 5 ਆਮ ਆਦਮੀ ਕਲੀਨਿਕ ਅਤੇ 2 ‘ਸਕੂਲ ਆਫ਼ ਐਮੀਨੈਂਸ’ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਸ਼ਹਿਰਾਂ ’ਚ ਤਰਲ ਤੇ ਸਖ਼ਤ ਕੂੜਾ ਪ੍ਰਬੰਧਨ ਲਈ ਵੱਡੇ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਹਲਕੇ ਦੇ ਲੋਕਾਂ ਦੇ ਪਿਆਰ ਸਦਕਾ ਇਹ ਉੱਦਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇੱਕ ’ਚ ਇਹ ਵਿਕਾਸ ਪ੍ਰੋਜੈਕਟ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਸਮੇਂ ’ਚ ਹਲਕੇ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਸੰਗਰੂਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਸੁਨਾਮ ਜਸਪ੍ਰੀਤ ਸਿੰਘ, ਐਕਸੀਅਨ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ, ਬੀਡੀਪੀਓ ਗੁਰਦਰਸ਼ਨ ਸਿੰਘ, ਬੀਡੀਪੀਓ ਸੰਜੀਵ ਕੁਮਾਰ, ਤਹਿਸੀਲਦਾਰ ਹਰਸਿਮਰਨ, ਨਾਇਬ ਤਹਿਸੀਲਦਾਰ ਅਮਿਤ ਕੁਮਾਰ, ਈਓ ਅਸ਼ਵਨੀ ਕੁਮਾਰ, ਈਓ ਸੁਨਾਮ ਅੰਮ੍ਰਿਤ ਲਾਲ ਅਤੇ ਪਾਰਟੀ ਦੇ ਵੱਡੀ ਗਿਣਤੀ ਆਗੂ ਤੇ ਵਰਕਰ ਹਾਜ਼ਰ ਸਨ।