ਫਗਵਾੜਾ 'ਚ ਬੱਸ ਅਤੇ ਰੇਹੜੇ ਦੀ ਹੋਈ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ 

ਫਗਵਾੜਾ, 16 ਨਵੰਬਰ 2024 : ਸਥਾਨਕ ਸ਼ਹਿਰ ਤੋਂ ਹੁਸ਼ਿਆਰਪੁਰ ਨੂੰ ਜਾਂਦੀ ਸੜਕ ਤੇ ਸਥਿਤ ਪਿੰਡ ਜਗਜੀਤਪੁਰ ਵਿਖੇ ਇੱਕ ਬੱਸ ਅਤੇ ਰੇਹੜੇ ਦੀ ਹੋਈ ਟੱਕਰ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਪਰਿਵਾਰ ਮੋਟਰਸਾਈਕਲ ਵਾਲੇ ਰੇਹੜੇ 'ਤੇ ਸਵਾਰ ਹੋ ਕੇ ਜਾ ਰਿਹਾ ਸੀ। ਜਦੋਂ ਉਹ ਜਗਜੀਤਪੁਰ ਨੇੜੇ ਪੁੱਜੇ ਤਾਂ ਸਾਹਮਣਿਓਂ ਆ ਰਹੀ ਇਕ ਨਿੱਜੀ ਬੱਸ ਦੀ ਉਨ੍ਹਾਂ ਨਾਲ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਹ ਸਾਰੇ ਹਾਦਸੇ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਰਾਮਪਾਲ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਜਦੋਂ ਵਾਪਸ ਜਾ ਰਹੇ ਸਨ ਤਾਂ ਰਸਤੇ 'ਚ ਉਨ੍ਹਾਂ ਦੀ ਬੱਸ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸੇ 'ਚ ਮੋਟਰਸਾਈਕਲ ਵਾਲੇ ਰੇਹੜੇ 'ਤੇ ਪੰਜ ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਤੇ ਦੋ ਦੀ ਹਾਲਤ ਗੰਭੀਰ ਹੈ। ਉੱਧਰ, ਇਸ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਰਾਵਲਪਿੰਡੀ ਦੇ ਐਸਐਚਓ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪੁੱਜੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।