ਕਿਰਨ ਖੇਰ ਦਾ ਵਿਵਾਦਤ ਬਿਆਨ, ‘…ਜੇ ਮੈਨੂੰ ਵੋਟ ਨਾ ਪਾਈ ਲਾਹਨਤ, ਛਿੱਤਰ ਫੇਰਨੇ ਚਾਹੀਦੇ ਨੇ’

ਚੰਡੀਗੜ੍ਹ, 16 ਮਾਰਚ : ਭਾਜਪਾ ਦੀ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਇਕ ਵਿਵਾਦਤ ਬਿਆਨ ਦਿੱਤਾ ਹੈ। ਕਿਰਨ ਖੇਰ ਨੇ ਕਿਹਾ ਕਿ ਜੇਕਰ ਮੈਨੂੰ ਵੋਟ ਨਾ ਪਾਈ ਤਾਂ ਲੱਖ ਲਾਹਨਤ ਹੈ। ਲੋਕ ਸਭਾ ਮੈਂਬਰ ਕਿਰਨ ਖੇਰ ਰਾਮ ਦਰਬਾਰ ਵਿੱਚ ਬਣੇ ਨਵੇਂ ਕਮਿਊਨਿਟੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਸਮਾਗਮ ਵਿੱਚ ਬੋਲ ਰਹੇ ਸਨ। ਕਿਰਨ ਖੇਰ ਨੇ ਕਿਹਾ ਕਿ ਹੱਲੋਮਾਜਰਾ ਦੇ ਦੀਪ ਕੰਪਲੈਕਸ ਦਾ ਬੁਰਾ ਹਾਲ ਸੀ, ਉਥੇ ਪਾਣੀ ਭਰ ਜਾਂਦਾ ਸੀ। ਕੰਪਲੈਕਸ ਨੂੰ ਜਾਣ ਵਾਲੀ ਪੂਰੀ ਸੜਕ ਬਣਵਾਈ, ਜਿੱਥੇ ਪਾਣੀ ਭਰ ਜਾਂਦਾ ਸੀ। ਹੁਣ ਜੇਕਰ ਦੀਪ ਕੰਪਲੈਕਸ ਦਾ ਇਕ-ਇਕ ਬੰਦੇ ਮੈਨੂੰ ਵੋਟ ਨਾ ਪਾਵੇ ਤਾਂ ਲਾਹਨਤ ਦੀ ਗੱਲ ਹੈ। ਉਨ੍ਹਾਂ ਨੂੰ ਜਾ ਕੇ ਛਿੱਤਰ ਫੇਰਨੇ ਚਾਹੀਦੇ ਹਨ। ਮੈਂ ਇੰਨੇ ਪੈਸੇ ਦੇ ਕੇ ਉਨ੍ਹਾਂ ਦੇ ਕੰਮ ਕਰਵਾਏ ਹਨ। ਇਸ ਮੌਕੇ ਮੰਚ ਉਤੇ ਚੰਡੀਗੜ੍ਹ ਦੇ ਮੇਅਰ ਸਮੇਤ ਹੋਰ ਕਈ ਲੋਕ ਹਾਜ਼ਰ ਸਨ, ਜੋ ਉਚੀ ਉਚੀ ਹੱਸਣ ਲੱਗੇ। ਇਸ ਦੌਰਾਨ ਆਮ ਆਦਮੀ ਪਾਰਟੀ ਦੀ ਸਥਾਨਕ ਕੌਂਸਲਰ ਅਤੇ ਹੋਰ ਲੋਕਾਂ ਦੇ ਵਿਰੋਧ ਕਰਨ ਉਤੇ ਕਿਰਨ ਖੇਰ ਨੇ ਕਿਹਾ ਕਿ ਉਹ ਕੱਲ੍ਹ ਭਾਜਪਾ ਦਫ਼ਤਰ ਆ ਕੇ ਪਾਰਟੀ ਜੁਆਇੰਨ ਕਰ ਲੈਣ। ਇਸ ਦੌਰਾਨ ਜਦੋਂ ‘ਆਪ’ ਕੌਂਸਲਰ ਜਵਾਬ ਦੇਣ ਲੱਗੀ ਤਾਂ ਉਸ ਨੂੰ ਬੈਠਾ ਦਿੱਤਾ ਗਿਆ।