ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ 6 ਸਾਲਾ ਮਾਸੂਮ ਬੱਚੇ ਦਾ ਗੋਲੀਮਾਰ ਕੇ ਕਤਲ

ਮਾਨਸਾ, 17 ਮਾਰਚ : ਜਿਲ੍ਹਾ ਮਾਨਸਾ ਦੇ ਪਿੰਡ ਕੋਟਲੀ ‘ਚ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ 6 ਸਾਲਾ ਮਾਸੂਮ ਬੱਚੇ ਨੂੰ ਗੋਲੀਮਾਰ ਕੇ ਮਾਰ ਦੇਣ ਦੀ ਦੁੱਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਕੋਟਲੀ ਦਾ ਵਾਸੀ ਜਸਪ੍ਰੀਤ ਸਿੰਘ ਆਪਣੇ ਪੁੱਤਰ ਅਤੇ ਧੀ ਨਾਲ ਘਰ ਨੂੰ ਜਾ ਰਹੇ ਸਨ ਕਿ ਅਚਾਨਕ ਮੋਟਰਸਾਈਕਲ ਤੇ ਆਏ ਅਣਪਛਾਤਿਆਂ ਨੇ ਉਨ੍ਹਾਂ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਗੋਲੀ ਬੱਚੇ ਦੇ ਸਿਰ ਵਿੱਚ ਲੱਗੀ, ਜਿਸ ਕਾਰਨ 6 ਸਾਲਾ ਲੜਕੇ ਉਦੈਵੀਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਗੋਲੀ ਦਾ ਫਰਾ ਉਸਦੀ ਭੈਣ ਨਵਸੀਰਤ ਦੀ ਅੱਖ ਵਿੱਚ ਲੱਗ ਗਿਆ, ਜਿਸ ਨੂੰ ਇਲਾਜ ਲਈ ਪੀਜੀਆਈ ਭੇਜਿਆ ਗਿਆ ਹੈ। ਮ੍ਰਿਤਕ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਵੀ ਦੁਸ਼ਮਣੀ ਨਹੀਂ ਹੈ, ਪਰ 6 ਸਾਲਾ ਮਾਸੂਮ ਦੀ ਹੱਤਿਆ ਕਰਨਾ ਕੀ ਠੀਕ ਹੈ। ਇਹ ਵੀ ਸੁਣਨ ਨੂੰ ਮਿਲ ਰਿਹਾ ਹੈ ਕਿ ਹਮਲਾਵਰ ਉਦੈਵੀਰ ਦੇ ਪਿਤਾ ਜਸਪ੍ਰੀਤ ਸਿੰਘ ਨੂੰ ਮਾਰਨਾ ਚਾਹੁੰਦੇ ਸਨ, ਪਰ ਉਨ੍ਹਾਂ ਦੇ ਇਸ ਹਮਲੇ ਦਾ ਸ਼ਿਕਾਰ ਮਾਸੂਮ ਉਦੈਵੀਰ ਹੋ ਗਿਆ।

ਸੀ.ਸੀ.ਟੀ.ਵੀ. ਤਸਵੀਰਾਂ ਆਈਆਂ ਸਾਹਮਣੇ 
ਮਾਸੂਮ ਉਦੇਵੀਰ ਦੇ ਕਤਲ ਮੌਕੇ ਦੀ ਸੀ.ਸੀ.ਟੀ.ਵੀ. ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਵੀਡੀਓ ਵਿੱਚ ਉਦੇਵੀਰ ਆਪਣੇ ਪਿਤਾ ਜਸਪ੍ਰੀਤ ਸਿੰਘ ਅਤੇ ਭੈਣ ਨਵਸੀਰਤ ਨਾਲ ਘਰ ਜਾ ਰਿਹਾ ਸੀ। ਇਸ ਦੌਰਾਨ 2 ਮੋਟਰਸਾਈਕਲ ਸਵਾਰ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਪਿੱਛਾ ਕਰਦੇ-ਕਰਦੇ ਉਕਤ ਮੋਟਰਸਾਈਕਲ ਸਵਾਰਾਂ ਨੇ ਅੱਗੇ ਜਾ ਕੇ ਜਸਪ੍ਰੀਤ ਸਿੰਘ 'ਤੇ ਗੋਲ਼ੀਆਂ ਚਲਾ ਦਿੱਤਾ, ਜਿਸ ਵਿੱਚੋਂ ਗੋਲੀ ਉਦੈਵੀਰ ਦੇ ਜਾ ਲੱਗੀ ਅਤੇ ਗੋਲ਼ੀ ਦੇ ਛੱਰੇ ਅੱਖ 'ਚ ਲੱਗਣ ਕਾਰਨ ਉਸ ਦੀ ਭੈਣ ਨਵਸੀਰਤ ਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। 

ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਕੀਤੀ ਜਾ ਰਹੀ ਜਾਂਚ 
ਇਸ ਵਾਰਦਾਤ ਨੂੰ ਕਿਸ ਕਾਰਨ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ, ਫਿਲਹਾਲ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਪਰ ਮੌਕੇ 'ਤੇ ਪਹੁੰਚੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਤੇ ਡੀ.ਐੱਸ.ਪੀ. ਸੰਜੀਵ ਗੋਇਲ ਦੀ ਟੀਮ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਮਾਸੂਮ ਨੂੰ ਦਿੱਤੀ ਅੰਤਿਮ ਵਿਦਾਈ
ਮਾਸੂਮ ਉਦੇਵੀਰ ਸਿੰਘ ਦੀ ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਪ ਦਿੱਤੀ ਸੀ। ਉਦੇਵੀਰ ਦੀ ਲਾਸ਼ ਦੇਖ ਕੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਪਰਿਵਾਰ ਦੇ ਇਸ ਦਰਦ ਨੂੰ ਦੇਖ ਮੌਕੇ 'ਤੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਸਨ। ਪਰਿਵਾਰਕ ਮੈਂਬਰਾਂ ਨੇ ਰੋਂਦਿਆਂ ਕੁਰਲਾਉਂਦਿਆਂ ਆਪਣੇ ਮਾਸੂਮ ਨੂੰ ਅੰਤਿਮ ਵਿਦਾਈ ਦੇ ਦਿੱਤੀ ਹੈ।