19 ਕਰੋੜ ਦੀ ਲਾਗਤ ਨਾਲ ਸਟੀਲ ਬਰਿੱਜ ਬਣਾਏ ਜਾਣਗੇ- ਸੇਖੋਂ

  • ਸੂਬੇ ਦੇ ਵਿਕਾਸ ਵਿੱਚ ਸੜਕਾਂ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ

ਫ਼ਰੀਦਕੋਟ 24 ਜਨਵਰੀ : ਐਮ.ਐਲ.ਏ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਹਲਕਾ ਨਿਵਾਸੀਆਂ ਵੱਲੋਂ ਫਰੀਦਕੋਟ-ਤਲਵੰਡੀ ਰੋਡ ਨੂੰ ਜਾਂਦੀ ਸੜਕ ਉੱਪਰ ਨੇੜੇ ਦਸ਼ਮੇਸ ਡੈਂਟਲ ਕਾਲਜ ਕੋਲ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਉੱਪਰ ਤੰਗ ਪੁਲਾਂ ਨੂੰ ਚੌੜਾ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਸੀ। ਜਿਸ ਨੂੰ ਪੂਰਾ ਕਰਦੇ ਹੋਏ ਇਸ ਪੁਲ਼ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਨੋਂ ਪੁਲ 19 ਕਰੋੜ ਦੀ ਲਾਗਤ ਨਾਲ ਸਟੀਲ ਬਰਿੱਜ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਬਣਨ ਨਾਲ ਕਈ ਦਹਾਕੇ ਪੁਰਾਣੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਇਲਾਕੇ ਦੀ ਨੁਹਾਰ ਨੂੰ ਬਦਲਣ ਲਈ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਨਿੱਜੀ ਦਿਲਚਸਪੀ ਲਈ ਹੈ। ਸ. ਸੇਖੋਂ ਨੇ ਕਿਹਾ ਕਿ ਸੜਕਾਂ ਸੂਬੇ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ। ਕਿਉ ਜੋ ਇਨ੍ਹਾਂ ਸੜਕਾਂ ਤੇ ਜਿਥੇ ਆਮ ਲੋਕ ਪ੍ਰਾਈਵੇਟ ਗੱਡੀਆਂ ਚਲਾ ਕੇ ਨਿੱਜੀ ਕੰਮ ਕਰਦੇ ਹਨ ਉਥੇ ਨਾਲ ਹੀ ਵਪਾਰਕ ਤੌਰ ਤੇ ਸਮਾਨ ਦੀ ਢੋਆ- ਢੋਆਈ ਕਰਨ ਵਾਲੀਆਂ ਗੱਡੀਆਂ ਵੀ ਚੱਲਦੀਆਂ ਹਨ।ਇਸ ਤੋਂ ਇਲਾਵਾ ਖੇਤੀਬਾੜੀ ਦੇ ਸੰਦ,ਵੱਡੀਆਂ ਮਸ਼ੀਨਾਂ ਅਤੇ ਟਰੈਕਟਰ ਟਰਾਲੀਆਂ ਨੂੰ ਸੁਖਾਲੇ ਢੰਗ ਨਾਲ ਇੱਕ ਥਾਂ ਤੋਂ ਦੂਜੀ ਥਾਂ ਲਿਜਾਉਣ ਲਈ ਵੀ ਸੜਕਾਂ ਅਹਿਮ ਰੋਲ ਅਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਚੰਗੀਆਂ ਹੋਣਗੀਆਂ ਤਾਂ ਇਹ ਸੂਬੇ ਦੇ ਵਿਕਾਸ ਲਈ ਬਹੁਤ ਹੱਦ ਤੱਕ ਸਹਾਈ ਸਿੱਧ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪੁਲ ਦਾ ਕੰਮ ਵੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਦੇ ਨਾਲ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਸੜਕੀ ਆਵਾਜਾਈ ਦੌਰਾਨ ਵਾਧੂ ਸਮਾਂ ਖਰਾਬ ਕਰਨ ਨਾਲੋਂ ਪ੍ਰਾਈਵੇਟ,ਵਪਾਰਕ ਅਤੇ ਖੇਤੀਬਾੜੀ ਧੰਦੇ ਨਾਲ ਜੁੜੇ ਲੋਕ ਥੋੜੇ ਸਮੇਂ ਵਿੱਚ ਹੀ ਆਪਣਾ ਸਫਰ ਕਰ ਸਕਣ।