ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ ਮਹਾਤਮਾ ਗਾਂਧੀ ਸਕੂਲ 'ਚ ਕਰਵਾਇਆ ਲੋਕ ਵਿਰਾਸਤ ਸਮਾਗਮ

ਫਰੀਦਕੋਟ 23 ਅਕਤੂਬਰ 2024 : ਸੱਭਿਆਚਾਰਕ ਮੰਤਰਾਲਾ ਭਾਰਤ ਸਰਕਾਰ ਵਲੋਂ ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਦੀ ਰਹਿਨੁਮਾਈ ਹੇਠ ਅਲੋਪ ਹੋ ਰਹੇ ਵਿਰਸੇ ਸੱਭਿਆਚਾਰਕ ਵੰਨਗੀਆਂ ਨੂੰ ਦਰਸਾਉਂਦਾ ਪ੍ਰੋਗਰਾਮ ਲੋਕ ਵਿਰਾਸਤ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਵਜੋਂ ਉੱਘੇ ਸਿੱਖਿਆ ਸ਼ਾਸਤਰੀ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਡਾਇਰੈਕਟਰ ਪ੍ਰਿੰਸੀਪਲ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਨਾਰਥ ਜੋਨ ਕਲਚਰ ਸੈਂਟਰ ਪਟਿਆਲਾ ਵਲੋਂ ਡਾਇਰੈਕਟਰ ਮੁਹੰਮਦ ਫਰਖਾਨ ਖਾਨ ਦੀ ਯੋਗ ਅਗਵਾਈ ਹੇਠ ਇੰਚਾਰਜ ਪ੍ਰੋਗਰਾਮ ਅਫ਼ਸਰ ਰਾਜੇਸ਼ ਬੱਸੀ ਅਤੇ ਜਰਨੈਲ ਸਿੰਘ ਦੀ ਨਿਰਦੇਸ਼ਨਾ ਹੇਠ ਸੁਖਚੈਨ ਸਿੰਘ ਸ਼ੀਤਲ ਕਵੀਸ਼ਰੀ ਜਥੇ ਵਲੋਂ ਲੋਕ ਵਿਰਾਸਤ ਦੀ ਧਰੋਹਰ ਮੰਨੀ ਜਾਣ ਵਾਲੀ ਕਵੀਸ਼ਰੀ ਪ੍ਰੰਪਰਾ ਤੋਂ ਜਾਣੂ ਕਰਵਾਉਂਦੇ ਹੋਏ ਕਵੀਸ਼ਰੀ ਛੰਦਾਂ ਰਾਹੀਂ ਗੌਰਵਮਈ ਇਤਿਹਾਸ ਪੇਸ਼ ਕੀਤਾ। ਮੰਚ ਸੰਚਾਲਕ ਪਵਨ ਸ਼ਰਮਾ ਸੁੱਖਣ ਵਾਲਾ ਨੇ ਅਲੋਪ ਹੋ ਰਹੇ ਸੱਭਿਆਚਾਰ ਵਿਰਸੇ ਦੀਆਂ ਵੰਨਗੀਆਂ ਅਤੇ ਪੰਜਾਬ ਦੇ ਪ੍ਰਸਿੱਧ ਲੋਕ ਨਾਚ ਮਲਵਈ ਗਿੱਧਾ ਅਤੇ ਲੋਕ ਨਾਚ ਝੁੰਮਰ ਦੀ ਪੇਸ਼ਕਾਰੀ ਦੌਰਾਨ ਰਵਾਇਤੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਡਾਇਰੈਕਟਰ ਪ੍ਰਿੰਸੀਪਲ ਸੇਵਾ ਸਿੰਘ ਚਾਵਲਾ ਵਲੋਂ ਆਏ ਹੋਏ ਮਹਿਮਾਨਾਂ ਅਤੇ ਕਲਾਕਾਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਤੰਦਰੁਸਤ ਜ਼ਿੰਦਗੀ ਜਿਊਣ ਲਈ ਹਮੇਸ਼ਾਂ ਹੱਸਦੇ ਨੱਚਦੇ ਖੁਸ਼ੀ ਮਨਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਲੋਕ ਵਿਰਾਸਤ ਪ੍ਰੋਗਰਾਮ ਦੌਰਾਨ ਮੌਜੂਦ ਵਿਦਿਆਰਥੀਆਂ ਅਧਿਆਪਕਾਂ ਅਤੇ ਸਰੋਤਿਆਂ ਵਲੋਂ ਢੋਲ ਦੀ ਤਾਲ 'ਤੇ ਹੱਸਦੇ ਨੱਚਦੇ ਟੱਪਦੇ ਗਾਉਂਦੇ ਪੰਜਾਬ ਦੇ ਬਾਂਕੇ ਛੈਲ ਛਬੀਲੇ ਗੱਭਰੂਆਂ ਦੀ ਸ਼ਾਨਦਾਰ ਪੇਸ਼ਕਾਰੀ ਅਤੇ ਲੋਕ ਬੋਲੀਆਂ ਦਾ ਖੂਬ ਅਨੰਦ ਮਾਣਿਆ। ਵਿਦਿਆਰਥੀਆਂ ਦੇ ਮਨਾਂ ਨੂੰ ਤਰੋਤਾਜ਼ਾ ਭਰਪੂਰ ਮਨੋਰੰਜਨ ਪ੍ਰਦਾਨ ਕਰਦਾ ਹੋਇਆ ਲੋਕ ਵਿਰਾਸਤ ਪ੍ਰੋਗਰਾਮ ਅਮਿੱਟ ਯਾਦਾਂ ਛੱਡ ਗਿਆ। ਸਮਾਗਮ ਦੀ ਪ੍ਰਧਾਨਗੀ ਉੱਘੇ ਸਮਾਜਸੇਵੀ ਦਵਿੰਦਰ ਕੁਮਾਰ ਨੀਟੂ ਪ੍ਰਧਾਨ ਸਿਟੀ ਕਲੱਬ ਕੋਟਕਪੂਰਾ ਨੇ ਕੀਤੀ। ਇਸ ਮੌਕੇ ਪ੍ਰਿੰਸੀਪਲ ਕੁਮਾਰ ਜਗਦੇਵ ਸਿੰਘ ਬਰਾੜ,ਕੋਆਰਡੀਨੇਟਰ ਬਲਜੀਤ ਸਿੰਘ ਬਿੰਦਰਾ, ਲਖਵਿੰਦਰ ਸਿੰਘ, ਅਜੇ ਗਰਗ, ਗੁਰਮੀਤ ਸਿੰਘ ਰੈੱਡ ਕਰਾਸ ਫਰੀਦਕੋਟ ਉੱਘੇ ਭੰਗੜਾ ਕੋਚ ਮਲਕੀਤ ਫਿਰੋਜ਼ਪੁਰ ਲਵਪ੍ਰੀਤ ਸਿੰਘ ਮੁਕਤਸਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।