ਕੌਮੀ ਮਤਦਾਤਾ ਦਿਹਾੜਾ : ਹਰ ਇੱਕ ਮਤਦਾਤਾ ਆਪਣੀ ਵੋਟ ਦਾ ਇਸਤਮਾਲ ਜਿੰਮੇਵਾਰੀ ਨਾਲ ਕਰੇ, ਵਧੀਕ ਜ਼ਿਲ੍ਹਾ ਚੋਣ ਅਫ਼ਸਰ 

  • ਕੌਮੀ ਮਤਦਾਤਾ ਦਿਹਾੜਾ ਐੱਸ.ਡੀ. ਕਾਲਜ ਵਿਖੇ ਮਨਾਇਆ ਗਿਆ 
  • ਜ਼ਿਲ੍ਹਾ ਬਰਨਾਲਾ ਦੇ ਸਵੀਪ ਆਈਕਨ ਗੁਰਦੀਪ ਸਿੰਘ ਮਨਾਲੀਆ ਨੇ ਨੌਜਵਾਨਾਂ ਨੂੰ ਵੋਟ ਬਣਾਉਣ ਅਤੇ ਉਸ ਦੀ ਵਰਤੋਂ ਕਰਨ ਲਈ ਪ੍ਰੇਰਿਆ 

ਬਰਨਾਲਾ, 25 ਜਨਵਰੀ : ਹਰ ਇੱਕ ਮਤਦਾਤਾ ਆਪਣੀ ਵੋਟ ਦਾ ਇਸਤਮਾਲ ਜਿੰਮੇਵਾਰੀ ਨਾਲ ਕਰੇ ਤਾਂ ਜੋ ਚੰਗੇ ਨੇਤਾ ਚੁਣੇ ਜਾ ਸਕਣ ਅਤੇ ਦੇਸ਼ ਚੰਗੇ ਹੱਥਾਂ ਵਿਚ ਰਹੇ। ਇਸ ਗੱਲ ਦਾ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ. ਸਤਵੰਤ ਸਿੰਘ ਨੇ ਅੱਜ ਐੱਸ. ਡੀ. ਕਾਲਜ ਵਿਖੇ 14 ਵੇਂ ਕੌਮੀ ਵੋਟਰ ਦਿਵਸ ਮੌਕੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਮਹਾਨ ਸੰਵਿਧਾਨ ਨੇ ਹਰ ਇੱਕ ਨਾਗਰਿਕ ਨੂੰ ਸਮਾਨ ਅਧਿਕਾਰ ਦਿੱਤੇ ਹਨ ਅਤੇ ਵੋਟ ਪਾਉਣ ਦਾ ਅਧਿਕਾਰ ਅਹਿਮ ਅਧਿਕਾਰਾਂ ਚੋਂ ਹੈ। ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਚੁਨਣ ਦਾ ਅਧਿਕਾਰ ਦੇਣ ਵਾਲੇ ਭਾਰਤ ਦੇਸ਼ ਨੂੰ ਚਲਾਉਣ ਲਈ ਸੁਚਾਰੂ ਸਰਕਾਰ ਤਾਂ ਹੀ ਚੁਣੀ ਜਾ ਸਕਦੀ ਹੈ ਜੇ ਕਰ ਹਰ ਇੱਕ ਵੋਟਰ ਆਪਣੀ ਵੋਟ ਦਾ ਅਧਿਕਾਰ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਤੋਂ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਵਾਰ ਜ਼ਿਲ੍ਹੇ 'ਚ 2300 ਨਵੇਂ ਪਹਿਲੀ ਵਾਰ 18 ਸਾਲ ਦੀ ਉਮਰ ਪੁੱਜਣ 'ਤੇ ਵੋਟ ਬਣਾਉਣਾ ਵਾਲੇ ਵੋਟਰ ਜੁੜੇ ਹਨ।ਸਮਾਗਮ ਦੀ ਸ਼ੁਰੂਆਤ 'ਚ ਚੀਫ ਚੋਣ ਕਮਿਸ਼ਨਰ ਭਾਰਤ ਸ਼੍ਰੀ ਰਾਜੀਵ ਕੁਮਾਰ ਡਾ. ਸੰਦੇਸ਼ ਲੋਕਾਂ ਦੇ ਰੂਬਰੂ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਮਤਦਾਨ ਦੇ ਇਤਿਹਾਸ ਅਤੇ ਉਸ ਦੀ ਸਾਰਥਕਤਾ ਬਾਰੇ ਲੋਕਾਂ ਨੂੰ ਦੱਸਿਆ। ਇਸ ਮੌਕੇ ਬੋਲਦਿਆਂ ਸਹਾਇਕ ਕਮਿਸ਼ਨਰ ਸ. ਸੁਖਪਾਲ ਸਿੰਘ ਨੇ ਦੱਸਿਆ ਕਿ ਕੌਮੀ ਮਤਦਾਤਾ ਦਿਹਾੜਾ ਮੌਕੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਅਸੀਂ ਸਹੀ ਸਰਕਾਰ ਚੁਣੀਏ ਅਤੇ ਆਪਣੇ ਮਤਦਾਨ ਦੇ ਅਧਿਕਾਰ ਦੀ ਵਰਤੋਂ ਸੁਚੱਜੇ ਢੰਗ ਨਾਲ ਕਰੀਏ। ਇਸ ਮੌਕੇ ਜ਼ਿਲ੍ਹਾ ਚੋਣ ਆਈਕਾਨ ਸH ਗੁਰਦੀਪ ਸਿੰਘ ਮਨਾਲੀਆ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਵੋਟਾਂ ਜ਼ਰੂਰ ਬਣਵਾਉਣ ਅਤੇ ਉਸ ਦਾ ਇਸਤੇਮਾਲ ਕਰਨ। ਉਨ੍ਹਾਂ ਦੱਸਿਆ ਕਿ ਵੋਟ ਬਣਾਉਣ ਨਾਲ ਇਸ ਜਿੰਮੇਵਾਰੀ ਦਾ ਵੀ ਅਹਿਸਾਸ ਰਹਿੰਦਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਆਪਣੇ ਦੇਸ਼ ਦੇ ਭਵਿੱਖ ਦੇ ਸੂਤਰਧਾਰ ਬਣਨਾ ਹੈ। ਬਰਨਾਲਾ ਦੇ ਚੋਣ ਆਈਕਾਨ (ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ) ਸ਼੍ਰੀ ਰੋਬਿਨ ਗੁਪਤਾ ਹੈੱਡਮਾਸਟਰ ਸਰਕਾਰੀ ਸਕੂਲ ਉੱਪਲੀ ਨੇ ਵੀ ਨੌਜਵਾਨਾਂ ਨੂੰ ਵੋਟਾਂ ਨਾਲ ਜੁੜਣ ਲਈ ਪ੍ਰੇਰਿਆ । ਚੋਣ ਤਹਿਸੀਲਦਾਰ ਸ਼੍ਰੀਮਤੀ ਹਰਜਿੰਦਰ ਕੌਰ ਨੇ ਸਾਰਿਆਂ ਨੂੰ ਚੋਣਾਂ ਸਬੰਧੀ ਸਹੁੰ ਚੁਕਾਈ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਬਰਜਿੰਦਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਵੰਨਗੀਆਂ, ਗੀਤ, ਕਵਿਤਾ ਆਦਿ ਵੋਟਰ ਜਾਗਰੂਕਤਾ ਸਬੰਧੀ ਪੇਸ਼ ਕੀਤੇ। ਇਸ ਮੌਕੇ ਵਧੀਆ ਸੇਵਾਵਾਂ ਨਿਭਾਉਣ ਵਾਲੇ ਚੋਣ ਸਬੰਧਿਤ ਸਟਾਫ ਮੈਂਬਰ, ਮੇਜ਼ਬਾਨ ਐੱਸ.ਡੀ. ਕਾਲਜ ਦੇ ਪ੍ਰਿੰਸੀਪਲ ਡਾ. ਤਪਨ ਸਾਹੂ, ਕਾਲਜ ਦੇ ਵਿਦਿਆਰਥੀ ਅਤੇ ਹੋਰ ਲੋਕ ਹਾਜ਼ਰ ਸਨ।