ਕਮਾਲਪੁਰ ਜੱਟਾਂ, ਛੋਡ ਸਮੇਤ ਵੱਖ-ਵੱਖ ਪਿੰਡਾਂ ਵਿਖੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਕੀਤਾ ਜਾਗਰੂਕ

ਗੁਰਦਾਸਪੁਰ, 23 ਅਕਤੂਬਰ 2024 : ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜ਼ਿਲਾ ਪ੍ਰਸ਼ਾਸਨ ਵਲੋਂ ਝੋਨੇ ਦੇ ਨਾੜ ਦੇ ਯੋਗ ਪ੍ਰਬੰਧਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਦੇ ਚੱਲਦਿਆਂ ਵੱਖ-ਵੱਖ ਪਿੰਡਾਂ ਜਾ ਕੇ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਸ਼੍ਰੀਮਤੀ ਜਯੋਤਸਨਾ ਸਿੰਘ, ਐਸ.ਡੀ.ਐਮ. ਕਲਾਨੌਰ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪਿੰਡ ਛੋਡ, ਗੱਡੀਆਂ ਕਲਾ, ਕਮਾਲਪੁਰ ਜੱਟਾ ਵਿੱਚ ਜਾ ਕੇ ਪਰਾਲੀ ਪ੍ਰਬੰਧਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਏ.ਈ.ਓ.ਰਵਿੰਦਰ ਕੌਰ, ਕਲੱਸਟਰ ਇੰਚਾਰਜ ਪ੍ਰੀਤਮ ਸਿੰਘ, ਆਦਿ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਦੀ ਸਾਂਭ- ਸੰਭਾਲ ਲਈ ਲੋੜੀਂਦੀ ਖੇਤੀ ਮਸ਼ੀਨਰੀ ਉਪਲਬਧ ਹੈ। ਜੇਕਰ ਫਿਰ ਵੀ ਕਿਸੇ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ, ਤਾਂ ਉਹ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ, ਐੱਸ.ਡੀ.ਐੱਮ. ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ ਜਾਂ ਹੈਲਪ ਲਾਈਨ ਨੰ 1800-180-1852 ਤੇ ਸੰਪਰਕ ਕਰਨ। ਇਸ ਮੌਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਅਤੇ ਪਰਾਲੀ ਨਾ ਸਾੜਨ ਦੇ ਫਾਇਦਿਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਉਹ ਪਰਾਲੀ ਨਹੀਂ ਸਾੜਨਗੇ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨਗੇ।