ਕੇਂਦਰ ਅਤੇ ਸੂਬਾ ਸਰਕਾਰ ਦੇ ਆਪਸੀ ਤਾਲਮੇਲ ਦੀ ਘਾਟ ਨੇ ਕਿਸਾਨਾਂ ਨੂੰ ਮੰਡੀਆਂ 'ਚ ਰੁਲਣ ਲਈ ਮਜਬੂਰ ਕੀਤਾ:- ਪ੍ਰੋ ਚੰਦੂਮਾਜਰਾ 

ਚੰਡੀਗੜ੍ਹ 23 ਅਕਤੂਬਰ 2024 : ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਜੇਕਰ ਸੂਬਾ ਸਰਕਾਰ ਸਮੇਂ ਸਿਰ ਸੰਜੀਦਗੀ ਨਾਲ ਪੰਜਾਬ ਦੇ ਗੋਦਾਮਾਂ ਵਿੱਚ ਪਿਆ ਝੋਨਾ ਚਕਾਉਣ ਲਈ ਕੇਂਦਰ ਸਰਕਾਰ ਕੋਲ ਮਸਲਾ ਚੁੱਕਦੀ ਤਾਂ ਕਿਸਾਨਾਂ ਨੂੰ ਦਰਪੇਸ਼ ਪਰੇਸ਼ਾਨੀਆਂ ਤੋਂ ਬਚਾਇਆ ਜਾ ਸਕਦਾ ਸੀ। ਉਨਾਂ ਕਿਹਾ ਕਿ ਪ੍ਰੰਤੂ ਅਫ਼ਸੋਸ ਹੈ ਕਿ ਸ਼ੈਲਰ ਮਾਲਕਾਂ,ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਰੌਲਾ ਪਾਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਜਾਂ ਮੰਤਰੀ ਕੇਂਦਰ ਸਰਕਾਰ ਕੋਲ ਪਹੁੰਚ ਨਹੀਂ ਕੀਤੀ।  ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਮੇਰੇ ਵੱਲੋਂ ਝੋਨੇ ਦੇ ਪ੍ਰਬੰਧਾਂ ਨੂੰ ਲੈਕੇ ਚੱਲ ਰਹੀ ਢਿੱਲੀ ਕਾਰਗੁਜ਼ਾਰੀ ਸੰਬੰਧੀ ਪਿਛਲੇ ਤਿੰਨ ਚਾਰ ਮਹੀਨੇ ਤੋਂ ਰੌਲਾ ਪਾਇਆ ਜਾ ਰਿਹਾ ਸੀ। ਜਿਸ ਸੰਬੰਧੀ ਮਾਨਯੋਗ ਗਵਰਨਰ ਸਾਹਿਬ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਵੀ ਪੱਤਰ ਲਿਖੇ ਗਏ। ਪ੍ਰੰਤੂ ਗਵਰਨਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਨੂੰ ਲਿਖੇ ਪੱਤਰ ਦਾ ਕੋਈ ਵੀ ਅਸਰ ਨਹੀਂ ਹੋਇਆ। ਪ੍ਰੋ ਚੰਦੂਮਾਜਰਾ ਨੇ ਸੂਬੇ ਦੇ ਗਵਰਨਰ ਸਾਹਿਬ ਨੂੰ ਅਪੀਲ ਕੀਤੀ ਕਿ ਸਰਬ ਪਾਰਟੀ ਡੈਲੀਗੇਸ਼ਨ ਲੈਕੇ ਕੇਂਦਰ ਸਰਕਾਰ ਤੱਕ ਪਹੁੰਚ ਕੀਤੀ ਜਾਵੇ। ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਮੰਡੀਆਂ ਵਿੱਚ ਝੋਨੇ ਦੀ ਫ਼ਸਲ ਆਉਣ ਨਾਲ ਅੰਬਰ ਲੱਗ ਗਏ ਤਾਂ ਫਿਰ ਮੁੱਖ ਮੰਤਰੀ ਸਾਹਿਬ ਦਿੱਲੀ ਵੱਲ ਦੌੜੇ। ਉਨਾਂ ਆਖਿਆ ਕਿ ਸ਼ੈਲਰ ਮਾਲਕਾਂ ਵੱਲੋਂ ਝੋਨੇ ਲਈ ਦਿੱਤੀ ਥਾਂ ਦੀ ਪੇਸ਼ਕਸ ਨੂੰ ਵੀ ਅੱਜ ਤੱਕ ਸੂਬਾ ਸਰਕਾਰ ਪੂਰੀ ਤਰ੍ਹਾਂ ਅਮਲ ਵਿੱਚ ਲਾਗੂ ਨਹੀਂ ਕਰ ਸਕੀ। ਝੋਨੇ ਦੀ ਸਮੱਸਿਆ ਦਾ ਹੱਲ ਕਰਨ ਕਾਰਨ ਵਿੱਚ ਪੰਜਾਬ ਸਰਕਾਰ ਫੇਲ੍ਹ ਸਾਬਤ ਹੋਈ ਹੈ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਮੰਡੀਕਰਨ ਸਿਸਟਮ ਨੂੰ ਖਤਮ ਕਰਨ ਦੀ ਸਾਜਿਸ਼ ਤਹਿਤ ਕਿਸਾਨਾਂ, ਆੜ੍ਹਤੀਆਂ ਤੇ ਸ਼ੈਲਰ ਵਾਲਿਆਂ ਦੀ ਚੇਨ ਨੂੰ ਤੋੜਨ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਤਿੰਨ ਧਿਰਾਂ ਨੇ ਪਹਿਲੀ ਵਾਰ ਇਕੱਠੇ ਹੋ ਕੇ ਕੇਂਦਰ ਦੀ ਇਸ ਸਾਜਿਸ਼ ਨੂੰ ਨਾਕਾਮ ਕਰਨ ਦਾ ਯਤਨ ਕੀਤਾ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਨਾ ਹੀ ਸੂਬਾ ਸਰਕਾਰ ਅਤੇ ਨਾ ਹੀ ਵਿਰੋਧੀ ਧਿਰ ਨੇ ਆਪਣਾ ਬਣਦਾ ਰੋਲ ਨਿਭਾਇਆ। ਪ੍ਰੋ ਚੰਦੂਮਾਜਰਾ ਨੇ ਆਖਿਆ ਕਿ ਸ਼ੈਲਰਾਂ ਮਾਲਕਾਂ ਵੱਲੋਂ ਸਰਕਾਰ ਦੁਆਰਾ ਸਿਫ਼ਾਰਸ਼ ਕੀਤੀਆਂ ਫਰਮਾਂ ਤੋਂ ਝੋਨਾ ਚੁੱਕਣ ਦੇ ਬਾਵਜੂਦ ਵੀ ਸ਼ੈਲਰ ਵਾਲਿਆਂ ਦੇ ਚੌਲ ਰੱਦ ਕਰ ਦਿੱਤੇ ਤਾਂ ਕਿ ਸ਼ੈਲਰ ਮਾਲਕਾਂ ਨੂੰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕਰਕੇ ਸ਼ੈਲਰ ਬੰਦ ਕਰਨ ਦੀਆਂ ਸਾਜ਼ਿਸ਼ਾਂ ਕਾਮਯਾਬ ਕੀਤੀਆਂ ਜਾ ਸਕਣ। ਉਹਨਾਂ ਆਖਿਆ ਕਿ ਪੀਆਰ 126 ਝੋਨੇ ਦੀ ਕਿਸਮ ਮੁੱਖ ਮੰਤਰੀ ਸਾਹਿਬ ਦੇ ਬਾਰ ਬਾਰ ਕਹਿਣ ਤੇ ਕਿਸਾਨਾਂ ਨੇ ਵੱਡੀ ਪੱਧਰ ਉੱਤੇ ਲਗਾਈ, ਪਰ ਆੜਤੀਆਂ ਨੂੰ 58 ਪ੍ਰਤੀ ਕੁਇੰਟਲ ਆੜਤ ਦੀ ਥਾਂ 46 ਰੁਪਏ ਆੜਤ ਦੇਣੀ ਧੋਖਾ ਹੈ। ਇਸ ਮੌਕੇ ਪ੍ਰੋ ਚੰਦੂਮਾਜਰਾ ਨੇ ਪੰਜਾਬ ਵਿੱਚ ਵੱਡੀ ਪੱਧਰ ਉੱਤੇ ਡੀਏਪੀ ਖਾਦ ਦੀ ਕਿੱਲਤ ਦਾ ਮੁੱਦਾ ਵੀ ਚੁੱਕਿਆ। ਉਨਾਂ ਆਖਿਆ ਕਿ ਕਣਕ ਦੀ ਬਿਜਾਈ ਸਿਰ‌ ਤੇ ਖੜੀ ਹੈ ਪਰ ਸੂਬੇ ਵਿਚ ਡੀਏਪੀ ਖਾਦ ਨਾ ਹੀ ਕਿਸੇ ਸੋਸਾਇਟੀ ਵਿੱਚ ਹੈ ਅਤੇ ਨਾ ਹੀ ਦੁਕਾਨਾਂ ਤੇ ਮਿਲ ਰਹੀ ਹੈ। ਉਨਾਂ ਆਖਿਆ ਕਿ ਪੰਜਾਬ ਸਰਕਾਰ ਜਲਦ ਤੋਂ ਜਲਦ ਕਿਸਾਨਾਂ ਦੀ ਝੋਨੇ ਅਤੇ ਖਾਦ ਦੀ ਸਮੱਸਿਆ ਦਾ ਹੱਲ ਕਰੇ।