ਵਿਧਾਇਕ ਸਵਨਾ ਨੇ ਟੇਲਾਂ ਦੇ ਕਿਸਾਨਾਂ ਨੂੰ ਨਾਲ ਲੈਕੇ ਜਲ ਸ਼੍ਰੋਤ ਮੰਤਰੀ ਜੋੜਾਮਾਜਰਾ ਨੂੰ ਮਿਲੇ

  • ਕੈਬਨਿਟ ਮੰਤਰੀ ਵੱਲੋਂ ਭਰੋਸਾ, ਟੇਲਾਂ ਤੇ ਪੱੁੱਜੇਗਾ ਪੂਰਾ ਨਹਿਰੀ ਪਾਣੀ, ਪਾਣੀ ਚੋਰੀ ਕਰਨ ਵਾਲਿਆਂ ਤੇ ਹੋਵੇਗੀ ਸਖ਼ਤ ਕਾਰਵਾਈ

ਫਾਜਿ਼ਲਕਾ, 29 ਨਵੰਬਰ : ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਆਪਣੇ ਹਲਕੇ ਦੇ ਨਹਿਰਾਂ ਦੀਆਂ ਟੇਲਾਂ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਜਲ ਸ਼ੋ੍ਰਤ ਮਹਿਕਮੇ ਦੇ ਕੈਬਨਿਟ ਮੰਤਰੀ ਸ: ਚੇਤਨ ਸਿੰਘ ਜੌੜਾ ਮਾਜਰਾ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਦੇ ਪਿੰਡਾਂ ਕੋਇਲ ਖੇੜਾ, ਬਾਰੇਕਾਂ, ਜੰਡਵਾਲਾ ਮੀਰਾਂਸਾਂਗਲਾ, ਖਿਓਵਾਲੀ ਢਾਬ, ਲੱਖੇਵਾਲੀ ਢਾਬ, ਸਤੀਰਵਾਲਾ ਆਦਿ ਦੇ ਵਿਚ ਨਹਿਰਾਂ ਦੀਆਂ ਟੇਲਾਂ ਪਹੁੰਚਦੀਆਂ ਹਨ। ਇੰਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਮੰਗ ਸੀ ਨਹਿਰੀ ਪਾਣੀ ਦੀ ਉਨ੍ਹਾਂ ਨੂੰ ਘਾਟ ਨਾ ਆਵੇ। ਇਸ ਲਈ ਇਹ ਪਿੰਡਾਂ ਦੇ ਕਿਸਾਨ ਉਨ੍ਹਾਂ ਨਾਲ ਕੈਬਨਿਟ ਮੰਤਰੀ ਸ: ਚੇਤਨ ਸਿੰਘ ਜੋੜਾਮਾਜਰਾ ਨੂੰ ਮਿਲਣ ਪਹੁੰਚੇ ਸਨ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਕੈਬਨਿਟ ਮੰਤਰੀ ਸ: ਚੇਤਨ ਸਿੰਘ ਜੋੜਾ ਮਾਜਰਾ ਨੇ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਤੱਕ ਪੂਰਾ ਨਹਿਰੀ ਪਾਣੀ ਪੁੱਜਦਾ ਕਰਨ ਲਈ ਬਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਨਰਮੇ ਦੀ ਫਸਲ ਲਈ ਵੀ ਟੇਲਾਂ ਤੱਕ ਪੂਰਾ ਪਾਣੀ ਅਤੇ ਸਹੀ ਸਮੇਂ ਤੇ ਪੂਰਾ ਪਾਣੀ ਦਿੱਤਾ ਗਿਆ ਹੈ ਅਤੇ ਹੁਣ ਕਣਕ ਲਈ ਵੀ ਇੰਨ੍ਹਾਂ ਕਿਸਾਨਾਂ ਨੂੰ ਪੂਰਾ ਪਾਣੀ ਮਿਲੇਗਾ। ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਦੱਸਿਆ ਕਿ ਜਲ ਸ਼ੋ੍ਰਤ ਮੰਤਰੀ ਸ੍ਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਭਰੋਸਾ ਦਿੱਤਾ ਕਿ ਜਿੱਥੇ ਕਿਤੇ ਕਿਸੇ ਨੇ ਮੋਘਿਆਂ ਨਾਲ ਛੇੜਛਾੜ ਕੀਤੀ ਹੈ ਤਾਂ ਉਨ੍ਹਾਂ ਨੂੰ ਦਰੁਸਤ ਕਰਵਾਇਆ ਜਾਵੇਗਾ ਅਤੇ ਜੇਕਰ ਕੋਈ ਪਾਣੀ ਚੋਰੀ ਕਰਦਾ ਪਾਇਆ ਜਾਵੇਗਾ ਤਾਂ ਉਸਦੇ ਖਿਲਾਫ ਸ਼ਖਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਲਿਆਂਦੀ ਜਾਵੇਗੀ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਟੇਲਾਂ ਦੇ ਪਿੰਡਾਂ ਦੇ ਕਿਸਾਨਾਂ ਨੇ ਕੈੁਬਨਿਟ ਮੰਤਰੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜੇਕਰ ਪੂਰਾ ਪਾਣੀ ਮਿਲੇਗਾ ਤਾਂ ਇਸ ਇਲਾਕੇ ਦੇ ਲੋਕ ਸੂਬੇ ਲਈ ਭਰਪੂਰ ਫਸਲ ਪੈਦਾ ਕਰਣਗੇ।