ਸ਼੍ਰੋਮਣੀ ਅਕਾਲੀ ਦਲ ਨਹੀਂ ਲੜੇਗਾ ਜਿਮਨੀ ਚੋਣਾਂ, ਵਰਕਿੰਗ ਕਮੇਟੀ ਮੀਟਿੰਗ 'ਚ ਲਿਆ ਫ਼ੈਸਲਾ

ਚੰਡੀਗੜ੍ਹ, 24 ਅਕਤੂਬਰ, 2024 : ਅੱਜ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਪਾਰਟੀ ਵਲੋਂ ਜ਼ਿਮਨੀ ਚੋਣਾਂ ਨਹੀਂ ਲੜੀਆਂ ਜਾਣਗੀਆਂ। ਦੱਸ ਦੇਈਏ ਕਿ ਪੰਜਾਬ ਵਿਚ 13 ਨਵੰਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਇਹ ਜਾਣਕਾਰੀ ਪਾਰਟੀ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਹਾਲਾਂਕਿ ਪਾਰਟੀ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਅਹੁਦੇ ਲਈ ਚੋਣ ਵਿਚ ਹਿੱਸਾ ਲਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਚਾਰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਗਿੱਦੜਬਾਹਾ, ਡੇਰਾ ਬਾਬਾ ਨਾਨਕ, ਬਰਨਾਲਾ ਅਤੇ ਚੱਬੇਵਾਲ ਸ਼ਾਮਿਲ ਹਨ। ਪਾਰਟੀ ਦੇ ਅੰਦਰ ਇਹ ਚਰਚਾ ਪਹਿਲਾਂ ਹੀ ਚੱਲੀ ਰਹੀ ਸੀ ਕਿ ਪਾਰਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਖ਼ਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤੇ ਹੋਣ ਕਰਕੇ ਅਤੇ ਫ਼ਿਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਚੋਣਾਂ ਲਈ ਸੁਖ਼ਬੀਰ ਸਿੰਘ ਬਾਦਲ ਨੂੰ ਕੋਈ ਰਾਹਤ ਨਾ ਦਿੱਤੇ ਜਾਣ ਦੇ ਮੱਦੇਨਜ਼ਰ ਪਾਰਟੀ ਚੋਣ ਮੈਦਾਨ ਵਿੱਚ ਨਾ ਨਿੱਤਰੇ। ਕਈ ਆਗੂਆਂ ਦਾ ਇਹ ਵਿਚਾਰ ਸੀ ਕਿ ਪਾਰਟੀ ਆਪਣੇ ਜਰਨੈਲ ਤੋਂ ਬਿਨਾਂ ਚੋਣ ਮੈਦਾਨ ਵਿੱਚ ਕਿਵੇਂ ਨਿੱਤਰ ਸਕਦੀ ਹੈ। ਜ਼ਿਕਰਯੋਗ ਹੈ ਕਿ ਅੱਜ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਵਰਕਿੰਗ ਕਮੇਟੀ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਵੀ ਸ਼ਾਮਲ ਹੋਏ ਅਤੇ ਪਾਰਟੀ ਅਨੁਸਾਰ ਇਹ ਫ਼ੈਸਲਾ ਸਰਬਸੰਮਤੀ ਨਾਲ ਲਿਆ ਗਿਆ। ਡਾ: ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਫ਼ੈਸਲਾ ਅਕਾਲ ਤਖ਼ਤ ਦੇ ਉਸ ਆਦੇਸ਼ ਦੇ ਮੱਦੇਨਜ਼ਰ ਲਿਆ ਗਿਆ ਹੈ ਜਿਸ ਤਹਿਤ ਸੁਖ਼ਬੀਰ ਸਿੰਘ ਬਾਦਲ ਨੂੰ ਚੋਣ ਪ੍ਰਕ੍ਰਿਆ ਵਿੱਚ ਸ਼ਾਮਲ ਨਾ ਹੋਣ ਦੇ ਆਦੇਸ਼ ਕੀਤੇ ਗਏ ਸਨ। ਉਹਨਾਂ ਕਿਹਾ ਕਿ ਪਾਰਟੀ ਸਮਝਦੀ ਹੈ ਕਿ ਪਾਰਟੀ ਪ੍ਰਧਾਨ ਨੇ ਅਕਾਲ ਤਖ਼ਤ ’ਤੇ ਜੋ ਵੀ ਨੈਤਿਕ ਜ਼ਿੰਮੇਵਾਰੀ ਲਈ ਸੀ, ਉਹ ਉਹਨਾਂ ਦੀ ਇਕੱਲਿਆਂ ਦੀ ਨਹੀਂ ਸੀ, ਸਗੋਂ ਪਾਰਟੀ ਦੇ ਪ੍ਰਧਾਨ ਦੇ ਤੌਰ ’ਤੇ ਸੀ ਅਤੇ ਇਸ ਲਈ ਪਾਰਟੀ ਪ੍ਰਧਾਨ ਤੋਂ ਬਿਨਾਂ ਚੋਣਾਂ ਵਿੱਚ ਨਹੀਂ ਜਾਇਆ ਜਾ ਸਕਦਾ। ਡਾ: ਚੀਮਾ ਨੇ ਕਿਹਾ ਕਿ ਪਾਰਟੀ ਦੇ ਅਕਾਲ ਤਖ਼ਤ ਪ੍ਰਤੀ ਸਮਰਮਪਣ ਨੂੰ ਵੇਖ਼ਦਿਆਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਜਦ ਪਾਰਟੀ ਪ੍ਰਧਾਨ ਹੀ ਮੈਦਾਨ ਵਿੱਚ ਨਾ ਜਾ ਸਕਣ ਤਾਂ ਚੋਣਾਂ ਤੋਂ ਲਾਂਭੇ ਰਿਹਾ ਜਾਵੇ।