ਪਿਛਲੇ ਲੰਮੇ ਅਰਸੇ ਤੋਂ ਲੁੱਟਣ ਵਾਲੀਆਂ ਪਾਰਟੀਆਂ ਭਗਵੰਤ ਮਾਨ ਦੀ ਇਮਾਨਦਾਰ ਸਰਕਾਰ ਦੇ ਖਿਲਾਫ਼ ਇੱਕਠੇ ਹੋਣ ਦਾ ਯਤਨ ਕਰ ਰਹੀਆਂ ਹਨ : ਚੀਮਾ

ਦਿੜ੍ਹਬਾ, 04 ਜੂਨ : ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵਜੋਤ ਸਿੰਘ ਸਿੱਧੂ ਅਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਜੱਫੀ ਪਾਉਣ ਉਤੇ ਤੰਜ ਕਸਦੇ ਹੋਏ ਕਿਹਾ ਕਿ ਇਹ ਲੋਕ ਸਵਾਰਥੀ ਲੋਕ ਹਨ ਆਪਣੇ ਸਵਾਰਥੀ ਲਈ ਪੂਰਤੀ ਲਈ ਕੁੱਝ ਵੀ ਕਰ ਸਕਦੇ ਹਨ। ਉਹ ਦਿੜ੍ਹਬਾ ਦੇ ਪਿੰਡ ਗੁੱਜਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪੰਜਾਬ ਦੇ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਜਾਣਦੇ ਹਨ ਕਿ ਨਵਜੋਤ ਸਿੰਘ ਸਿੱਧੂ ਅਤੇ ਵਿਕਰਮਜੀਤ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਇੱਕ ਦੂਜੇ ਦੇ ਪਰਿਵਾਰ ਬਾਰੇ ਗੰਦੀ ਭਾਸ਼ਾ ਵਰਤ ਕੇ ਟਿੱਪਣੀਆਂ ਕਰਦੇ ਰਹੇ ਹਨ। ਹੁਣ ਜਦੋਂ ਸੱਤਾ ਉਨ੍ਹਾਂ ਦੇ ਹੱਥੋਂ ਚਲੀ ਗਈ ਤਾਂ ਆਪਣੀ ਸੋਚ ਅਤੇ ਰਾਜਨੀਤਕ ਜੀਵਨ ਨੂੰ ਛਿੱਕੇ ਟੰਗ ਕੇ ਬਚੀ ਖਚੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਰਾ ਪੰਜਾਬ ਹੀ ਨਹੀਂ ਉਨ੍ਹਾਂ ਦੀ ਪਾਰਟੀ ਦੇ ਲੋਕ ਵੀ ਸਿੱਧੂ ਦੀ ਅਲੋਚਨਾ ਕਰ ਰਹੇ ਹਨ। ਪਿਛਲੇ ਲੰਮੇ ਅਰਸੇ ਤੋਂ ਲੁੱਟਣ ਵਾਲੀਆਂ ਪਾਰਟੀਆਂ ਭਗਵੰਤ ਸਿੰਘ ਮਾਨ ਦੀ ਇਮਾਨਦਾਰ ਸਰਕਾਰ ਦੇ ਖਿਲਾਫ਼ ਇੱਕਠੇ ਹੋਣ ਦਾ ਯਤਨ ਕਰ ਰਹੀਆਂ ਹਨ। ਪਰ ਪੰਜਾਬ ਦੇ ਲੋਕ ਉਨ੍ਹਾਂ ਦੀਆਂ ਸਭ ਚਾਲਾਂ ਨੂੰ ਜਾਣਦੇ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੁਆਰਾ ਲੋਕਾਂ ਦੁਆਰਾ ਚੁਣੇ ਗਏ 92 ਵਿਧਾਇਕਾਂ ਬਾਰੇ ਗੈਰ ਸਵੈਧਾਨਿਕ ਅਤੇ ਅਸੱਭਿਅਕ ਭਾਸ਼ਾ ਬੋਲਣਾ ਪੰਜਾਬ ਦੇ ਤਿੰਨ ਕਰੋੜ ਲੋਕਾਂ ਦੀ ਤੌਹੀਨ ਹੈ। ਸੱਤਾ ਨੂੰ ਆਪਣੀ ਜੱਦੀ ਜੰਗੀਰ ਸਮਝਣ ਵਾਲੇ ਸਿਆਸੀ ਆਗੂਆਂ ਨੂੰ ਪੰਜਾਬ ਦੇ ਲੋਕਾਂ ਨੇ ਸ਼ੀਸ਼ਾ ਵਿਖਾਇਆ ਹੈ ਪਰ ਹੁਣ ਉਨ੍ਹਾਂ ਅੰਦਰ ਬਰਦਾਸ਼ਤ ਦਾ ਮਾਦਾ ਨਜਰ ਨਹੀਂ ਆ ਰਿਹਾ। ਉਨ੍ਹਾਂ ਦੀ ਸਖਤ ਸਬਦਾਂ ਵਿੱਚ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਇਮਾਨਦਾਰ ਸਰਕਾਰ ਨੂੰ ਬੇਈਮਾਨ ਤਰੀਕੇ ਨਾਲ ਘੇਰਨ ਵਾਲਿਆਂ ਨੂੰ ਪੰਜਾਬ ਵਾਸੀਆਂ ਨੇ ਮੁੰਹ ਨਹੀਂ ਲਾਉਣਾ।