ਸੰਗਰੂਰ, 7 ਨਵੰਬਰ 2024 : ਸੰਗਰੂਰ ਦੇ ਪਿੰਡ ਨਦਾਮਪੁਰ ਵਿੱਚ ਇੱਕ ਕਿਸਾਨ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕਿਸਾਨ ਦੀ ਪਛਾਣ ਜਸਵਿੰਦਰ ਸਿੰਘ (65) ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਜਗਤਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਬੀਤੀ ਸ਼ਾਮ ਕਰੀਬ 6 ਵਜੇ ਆਪਣੇ ਚਾਚੇ ਦੀ ਮੋਟਰ ’ਤੇ ਗਿਆ ਅਤੇ ਕੋਈ ਜ਼ਹਿਰੀਲੀ ਦਵਾਈ ਪੀ ਲਈ। ਇਲਾਜ ਲਈ ਪਟਿਆਲਾ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਪਿਤਾ ਜਸਵਿੰਦਰ ਸਿੰਘ ਦੀ ਮੌਤ ਹੋ ਗਈ। ਜਗਤਵੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਿਰ 5 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਕੋਲ ਸਿਰਫ਼ ਦੋ ਏਕੜ ਜ਼ਮੀਨ ਸੀ, ਜਿਸ ਕਾਰਨ ਪਰਿਵਾਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲ ਰਿਹਾ ਸੀ। ਉਸ ਨੇ ਦੱਸਿਆ ਕਿ ਉਸ ਦਾ ਝੋਨਾ 10 ਦਿਨਾਂ ਤੋਂ ਮੰਡੀਆਂ ਵਿੱਚ ਪਿਆ ਸੀ ਅਤੇ ਉਸ ਦਾ ਪਿਤਾ ਪਿਛਲੇ ਕੁਝ ਦਿਨਾਂ ਤੋਂ ਕਣਕ ਦੀ ਬਿਜਾਈ ਸਬੰਧੀ ਡੀਏਪੀ ਨਾ ਮਿਲਣ ਕਾਰਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗਾ ਸੀ। ਆਰਥਿਕ ਤੰਗੀ ਕਾਰਨ ਉਸ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦੇ ਸਾਰੇ ਕਰਜ਼ੇ ਮੁਆਫ਼ ਕਰਕੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ।
ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜਾਰੀ ਦੀ ਸਖ਼ਤ ਸ਼ਬਦਾਂ ਵਿਚ ਕੀਤੀ ਨਿੰਦਾ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਜ਼ਿਲੇ ਸੰਗਰੂਰ ਦੇ ਕਿਸਾਨ ਜਸਵਿੰਦਰ ਸਿੰਘ ਵੱਲੋਂ ਝੋਨਾ ਨਾ ਵਿਕਣ ਅਤੇ ਕਰਜੇ ਕਾਰਨ ਆਤਮ-ਹੱਤਿਆਂ ਕਰ ਲੈਣ ਤੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਕਿਹਾ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਨਾਕਾਮੀ ਦਾ ਹੀ ਨਤੀਜਾ ਹੈ ਕਿ ਅੱਜ ਕਿਸਾਨ ਦੀ ਇਹ ਦੁਰਦਸ਼ਾ ਹੋ ਰਹੀ ਹੈ। ਇੱਥੋ ਜਾਰੀ ਬਿਆਨ ਵਿਚ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਦੀ ਢਿੱਲੀ ਕਾਰਗੁਜਾਰੀ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਕਾਬਲੀਅਤ ਦਾ ਸਬੂਤ ਹੈ ਕਿ ਕਿਸਾਨ ਮੰਡੀਆਂ ਵਿਚ ਰੁਲ ਰਿਹਾ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਸਾਹਿਬ ਪੰਜਾਬ ਆ ਰਹੇ ਹਨ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਨੂੰ ਸਲਾਹ ਦਿੱਤੀ ਕਿ ਬਿਹਤਰ ਹੋਵੇਗਾ ਕਿ ਉਹ ਭਲਕੇ ਸਰਪੰਚਾਂ ਨੂੰ ਸੇਧ ਦੇਣ ਦੀ ਬਜਾਏ ਆਪਣੀ ਸਰਕਾਰ ਨੂੰ ਸੇਧ ਦੇਣ ਜਿਸ ਦੇ ਅਨਾੜੀਪਨ ਕਾਰਨ ਅੱਜ ਸੂਬੇ ਦਾ ਕਿਸਾਨ ਇਸ ਕਦਰ ਪ੍ਰੇਸਾਨ ਹੈ ਕਿ ਫਸਲ ਨਾ ਵਿਕਣ ਕਾਰਣ ਆਤਮ ਹੱਤਿਆਂ ਤੱਕ ਕਰਨ ਲਈ ਮਜਬੂਰ ਹੋ ਰਿਹਾ ਹੈ। ਉਨ੍ਹਾਂ ਨੇ ਅਰਵਿੰਦਰ ਕੇਜਰੀਵਾਲ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਜਦ ਉਨ੍ਹਾਂ ਦੀ ਸਰਕਾਰ ਬਣੇਗੀ ਤਾਂ ਕਿਸਾਨਾਂ ਨੂੰ ਆਤਮ ਹੱਤਿਆਵਾਂ ਨਹੀਂ ਕਰਣੀਆਂ ਪੈਣਗੀਆਂ ਪਰ ਹਾਲਾਤ ਦਾਅਵਿਆਂ ਦੇ ਬਿਲਕੁਲ ਉਲਟ ਹਨ। ਉਨ੍ਹਾਂ ਨੇ ਆਪ ਸੁਪਰੀਮੋ ਨੂੰ ਕਿਹਾ ਕਿ ਉਹ ਆਪਣੀ ਸਰਕਾਰ ਨੂੰ ਇਸਤਿਹਾਰਬਾਜੀ ਤੋਂ ਹਟਕੇ ਲੋਕਾਂ ਦੇ ਮਸਲੇ ਕਰਨ ਹਿੱਤ ਲਗਾਉਣ। ਭਾਜਪਾ ਪ੍ਰਧਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੇਂ ਸਿਰ ਦੀ ਯੋਜਨਾਂਬੰਦੀ ਦੀ ਘਾਟ ਕਾਰਨ ਇਹ ਹਲਾਤ ਬਣੇ ਹੋਏ ਹਨ।