- ਝੋਨੇ ਦੀ ਸਿੱਧੀ ਬਿਜਾਈ ‘ਤੇ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ
ਖਰੜ, 4 ਜੂਨ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐਸ.ਏ.ਐਸ ਨਗਰ ਦੇ ਮੁੱਖ ਖੇਤਬਾੜੀ ਅਫਸਰ ਡਾ. ਗੁਰਬਚਨ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਬਲਾਕਾਂ ਵਿੱਚ ਖੇਤੀ ਮਾਹਿਰਾਂ ਦੀਆਂ ਟੀਮਾਂ ਵੱਲੋ ਝੋਨੇ ਦੀ ਸਿੱਧੀ ਬਿਜਾਈ, ਫ਼ਸਲਾਂ ਦੀ ਰਹਿੰਦ-ਖੂੰਹਦ, ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਪਿੰਡ ਤੋਗਾਂ ਬਲਾਕ ਮਾਜਰੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਨੂੰ ਸੰਬੋਧਨ ਕਰਦਿਆਂ ਸੋਨੀਆ ਪਰਾਸ਼ਰ ਖੇਤੀਬਾੜੀ ਵਿਸਥਾਰ ਅਫਸਰ ਨੇ ਸਾਉਣੀ ਰੁੱਤ ਵਿੱਚ ਮੱਕੀ ਅਤੇ ਨਰਮੇ ਦੀ ਕਾਸ਼ਤ ਕਰਨ ਅਤੇ ਝੋਨੇ ਦੀ ਸਿੱਧੀ ਬਿਜਾਈ ਹੇਠ ਵੱਧ ਤੋਂ ਵੱਧ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ । ਉਨਾਂ ਦੱਸਿਆ ਕਿ ਸਾਉਣੀ ਰੁੱਤ ਵਿੱਚ ਮੱਕੀ ਦੀ ਕਾਸ਼ਤ ਵਧਾਉਣ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕਦਾ ਹੈ, ਇਸ ਦੇ ਨਾਲ ਹੀ ਉਨ੍ਹਾਂ ਨੇ ਝੋਨੇ ਦੇ ਬੀਜ ਨੂੰ ਸੋਧ ਕੇ ਬੀਜਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰੇਗਾ,ਉਸ ਨੂੰ ਸਰਕਾਰ ਵੱਲੋਂ 1500/- ਰੁਪਏ ਪ੍ਰਤੀ ਏਕੜ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਕਮਲਪ੍ਰੀਤ ਕੌਰ ਬਾਗਬਾਨੀ ਵਿਕਾਸ ਅਫ਼ਸਰ ਨੇ ਵਿਭਾਗ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਸਬਸਿਡੀ ‘ਤੇ ਮਧੂ ਮੱਖੀਆਂ ਦੇ ਡੱਬੇ ਅਤੇ ਨਵੇ ਬਾਗ਼ ਲਗਾ ਸਕਦੇ ਹਨ। ਇਸ ਮੌਕੇ ਮਨਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਮਿੱਟੀ ਪਰਖ ਕਰਵਾ ਕੇ ਲੋੜ ਅਨੁਸਾਰ ਖ਼ਾਦ ਪਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ। ਇਸ ਕੈਂਪ ਵਿਚ ਅਗਾਂਹਵਧੂ ਕਿਸਾਨ ਪ੍ਰਦੀਪ ਸਿੰਘ, ਨਛੱਤਰ ਸਿੰਘ,ਸੋਹਣ ਸਿੰਘ, ਹੇਮ ਰਾਜ ਆਦਿ ਸਮੇਤ 35 ਕਿਸਾਨਾਂ ਅਤੇ ਵਿਭਾਗ ਤੋਂ ਜਸਵੰਤ ਸਿੰਘ ਏ. ਟੀ. ਐਮ ਨੇ ਭਾਗ ਲਿਆ।