ਹੜ੍ਹ ਪ੍ਰਭਾਵਿਤ ਲੋਕਾਂ ਤੱਕ ਹਰ ਲੋੜੀਂਦਾ ਸਾਮਾਨ ਪਹੁੰਚਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜੀਹ : ਡਿਪਟੀ ਕਮਿਸ਼ਨਰ

  • ਸਾਧੂਵਾਲਾ, ਫੂਸ ਮੰਡੀ ਅਤੇ ਸਰਦੂਲਗੜ੍ਹ ਵਿਖੇ ਹੜ੍ਹ ਦੇ ਪਾਣੀ ਵਿਚ ਫਸੇ 455 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ-ਰਿਸ਼ੀਪਾਲ ਸਿੰਘ
  • ਡਿਪਟੀ ਕਮਿਸ਼ਨਰ ਅਤੇ ਐਸ.ਡੀ.ਐਮ. ਨੇ ਪਿੰਡ ਭੱਲਣਵਾੜਾ ਵਿਖੇ ਘੱਗਰ ਵਿਚ ਪਏ ਪਾੜ ਦਾ ਜਾਇਜ਼ਾ ਲਿਆ
  • ਸਰਦੂਲਗੜ੍ਹ ਵਿਖੇ ਰਾਹਤ ਕੈਂਪ ਵਿਚ ਰਹਿ ਰਹੇ ਬੱਚਿਆਂ ਨੂੰ ਬਿਸਕੁਟ ਤੇ ਰਸ ਵੰਡੇ

ਮਾਨਸਾ, 21 ਜੁਲਾਈ : ਹੜ੍ਹ ਪ੍ਰਭਾਵਿਤ ਲੋਕਾਂ ਤੱਕ ਹਰ ਲੋੜੀਂਦਾ ਸਾਮਾਨ ਪਹੁੰਚਾਉਣਾ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਜੀਹ ਹੈ। ਲੋਕਾਂ ਦੇ ਲਈ ਵੱਡੀ ਮਾਤਰਾ ਵਿਚ ਖਾਣ ਪੀਣ ਦਾ ਸਾਮਾਨ, ਸੁੱਕਾ ਰਾਸ਼ਨ, ਦਵਾਈਆਂ ਅਤੇ ਹੋਰ ਬੁਨਿਆਦੀ ਸਹੂਲਤਾਂ ਉਪਲੱਬਧ ਹਨ। ਪਾਣੀ ਵਿਚ ਘਿਰੇ ਪਿੰਡਾਂ ਵਾਸੀਆਂ ਜਾਂ ਰਾਹਤ ਕੇਂਦਰਾਂ ਵਿਚ ਬੈਠੇ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਸਰਦੂਲਗੜ੍ਹ ਹਲਕੇ ਦੇ ਪਿੰਡ ਭੱਲਣਵਾੜਾ ਵਿਖੇ ਘੱਗਰ ਵਿਚ ਪਏ ਪਾੜ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਸਰਦੂਲਗੜ੍ਹ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ ਅਤੇ ਸਹਾਇਕ ਕਮਿਸ਼ਨਰ (ਜ) ਸ੍ਰੀ ਹਰਜਿੰਦਰ ਸਿੰਘ ਜੱਸਲ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਪਿੰਡ ਭੱਲਣਵਾੜਾ ਵਿਖੇ ਪਿੰਡ ਵਾਸੀਆਂ ਨੂੰ ਹੜ੍ਹਾਂ ਦੀ ਇਸ ਕੁਦਰਤੀ ਆਫ਼ਤ ਮੌਕੇ ਲੋੜੀਂਦੇ ਸਾਮਾਨ ਬਾਰੇ ਪੁੱਛਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਗਹੁ ਨਾਲ ਸੁਣਿਆ। ਉਨ੍ਹਾਂ ਮੌਕੇ ’ਤੇ ਸਬੰਧਤ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਨੂੰ ਲੋੜੀਂਦੀ ਸਮੱਗਰੀ ਤੁਰੰਤ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ, ਤਾਂ ਜੋ ਲੋਕਾਂ ਨੂੰ ਪਾਣੀ ਦਾ ਪੱਧਰ ਵੱਧਣ ’ਤੇ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਸ੍ਰ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਸਰਕਾਰੀ ਕਾਲਜ ਸਰਦੂਲਗੜ੍ਹ ਵਿਖੇ ਬਣੇ ਰਾਹਤ ਕੈਂਪ ਦਾ ਜਾਇਜ਼ਾ ਲਿਆ ਅਤੇ ਬੱਚਿਆਂ ਨੂੰ ਰਸ ਅਤੇ ਬਿਸਕੁਟਾਂ ਦੀ ਵੰਡ ਕੀਤੀ। ਉਨ੍ਹਾਂ ਜਿੱਥੇ ਰਾਹਤ ਕੈਂਪ ਵਿਚ ਰਹਿ ਰਹੇ ਲੋਕਾਂ ਦਾ ਹਾਲ ਚਾਲ ਪੁੱਛਦਿਆਂ ਉਨ੍ਹਾਂ ਦੀਆਂ ਲੋੜਾਂ ਮੁਤਾਬਿਕ ਹਰ ਸੁਵਿਧਾ ਦੇਣ ਦਾ ਭਰੋਸਾ ਦਿਵਾਇਆ ਉੱਥੇ ਹੀ ਮੈਡੀਕਲ ਟੀਮਾਂ ਪਾਸੋਂ ਦਵਾਈਆਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਹਾਸਲ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਿੰਡ ਸਾਧੂਵਾਲਾ, ਫੂਸ ਮੰਡੀ ਅਤੇ ਸਰਦੂਲਗੜ੍ਹ ਦੇ ਵਾਰਡ ਨੰਬਰ 2 ਅਤੇ 3 ਵਿਚ ਹੜ੍ਹ ਦੇ ਪਾਣੀ ਵਿਚ ਫਸੇ 455 ਵਿਅਕਤੀਆਂ ਨੂੰ ਨੋਡਲ ਅਫ਼ਸਰ ਤਹਿਸੀਲਦਾਰ ਜੀਵਨ ਕੁਮਾਰ ਗਰਗ ਦੀ ਅਗਵਾਈ ਵਿਚ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਪਿੰਡ ਲੋਹਗੜ੍ਹ ਅਤੇ ਭੱਲਣਵਾੜਾ ਵਿਖੇ ਲੰਗਰ ਅਤੇ ਜ਼ਰੂਰੀ ਸਾਮਾਨ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 165 ਪਰਿਵਾਰਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ 135 ਪਰਿਵਾਰਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਹੈ।