ਫ਼ਰੀਦਕੋਟ ਜ਼ਿਲ੍ਹੇ ਵਿੱਚ ਸਵੱਛਤਾ ਦੀ ਲਹਿਰ ਤਹਿਤ ਸਫ਼ਾਈ ਪੰਦਰਵਾੜੇ ਦੀ ਸ਼ੁਰੂਆਤ

  • ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ ਨੇ ਸਫ਼ਾਈ ਮੁਹਿੰਮ ਦੀ ਕੀਤੀ ਅਗਵਾਈ
  • ਸਫ਼ਾਈ ਮੁਹਿੰਮ ਨੂੰ ਰੋਜਾਨਾ ਜ਼ਿੰਦਗੀ ਦਾ ਹਿੱਸਾ ਬਣਾਓ- ਵਿਨੀਤ ਕੁਮਾਰ
  • ਸਫ਼ਾਈ ਪੰਦਰਵਾੜੇ ਨੂੰ ਲੋਕ ਲਹਿਰ ਬਣਾਇਆ ਜਾਵੇਗਾ

ਫ਼ਰੀਦਕੋਟ 24 ਅਕਤੂਬਰ, 2024 : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।  ਇਸੇ ਦਿਸ਼ਾ ਵਿੱਚ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 24 ਅਕਤੂਬਰ ਤੋਂ 7 ਨਵੰਬਰ ਤੱਕ ਸਵੱਛਤਾ ਦੀ ਲਹਿਰ ਤਹਿਤ ਸਫ਼ਾਈ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਸਵੱਛਤਾ ਪੰਦਰਵਾੜੇ ਦੇ ਅੱਜ ਪਹਿਲੇ ਦਿਨ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਸਾਦਿਕ ਰੋਡ ਯੂਨੀਵਰਸਿਟੀ ਤੋਂ ਲੈ ਕੇ ਸਾਦਿਕ ਚੌਕ ਤੋਂ ਰੈਸਟ ਹਾਊਸ ਰੋਡ ਸਰਕਟ ਹਾਊਸ (ਐਂਟਰੀ ਪੁਆਇੰਟ) ਅਤੇ ਬੰਦਾ ਸਿੰਘ ਬਹਾਦਰ ਰੋਡ (ਐਗਜਿੱਟ ਪੁਆਇੰਟ)  ਤੱਕ ਸਫ਼ਾਈ ਕੀਤੀ ਗਈ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਓਜਸਵੀ ਅਲੰਕਾਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੇਵਲ ਕੁਝ ਦਿਨਾਂ ਲਈ ਹੀ ਇਸ ਸਫ਼ਾਈ ਮੁਹਿੰਮ ਦਾ ਹਿੱਸਾ ਨਾ ਬਣਿਆ ਜਾਵੇ ਸਗੋਂ ਇਹ ਸਫਾਈ ਅਭਿਆਨ ਸਾਡੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਜੋ ਬਿਮਾਰੀਆਂ ਤੋਂ ਬਚਿਆ ਜਾ ਸਕੇ ਅਤੇ ਆਲੇ ਦੁਆਲੇ ਨੂੰ ਸਵੱਛ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਪੰਦਰਵਾੜਾ ਮੁਹਿੰਮ ਵਿੱਚ ਸਾਰੇ ਸ਼ਹਿਰ ਨੂੰ ਸਾਫ ਕੀਤਾ ਜਾਵੇਗਾ ਉਹਨਾਂ ਇਸ ਮੁਹਿੰਮ ਵਿੱਚ ਆਮ ਲੋਕਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕ ਆਪਣਾ ਆਲਾ-ਦੁਆਲਾ ਸਾਫ਼ ਰੱਖ ਕੇ ਇਸ ਸਫਾਈ ਮੁਹਿੰਮ ਨੂੰ ਸਫ਼ਲ ਬਣਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਜ) ਸ੍ਰੀ ਓਜਸਵੀ ਅਲੰਕਾਰ ਨੇ ਕਿਹਾ ਕਿ ਹਰ ਇੱਕ ਸ਼ਹਿਰ ਵਾਸੀ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪਣੇ ਸ਼ਹਿਰ ਨੂੰ ਸਾਫ ਕਰਕੇ ਪੂਰੇ ਪੰਜਾਬ ਲਈ ਮਾਡਲ ਬਣਾਵੇ ।  ਉਨ੍ਹਾਂ ਲੋਕਾਂ ਨੂੰ ਗਰੀਨ ਦੀਵਾਲੀ ਕਲੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ । ਉਨ੍ਹਾਂ ਦੱਸਿਆ ਕਿ ਕੱਲ ਮਿਤੀ 25 ਅਕਤੂਬਰ ਨੂੰ ਅਨੰਦੇਆਣਾ ਗੇਟ ਜੀ.ਵੀ.ਪੀ.ਪੁਆਇੰਟ, ਤੁਲਸੀ ਵਾਲਾ ਜੀ.ਵੀ.ਪੀ.ਪੁਆਇੰਟ, ਅਮਰ ਆਸ਼ਰਮ ਜੀ.ਵੀ.ਪੀ.ਪੁਆਇੰਟ ਅਤੇ ਬਲਬੀਰ ਬਸਤੀ ਜੀ.ਵੀ.ਪੀ.ਪੁਆਇੰਟ ਦੀ ਸਫ਼ਾਈ ਕੀਤੀ ਜਾਵੇਗੀ । ਉਨ੍ਹਾਂ ਜ਼ਿਲ੍ਹੇ ਦੀਆਂ ਸਿੱਖਿਆ ਸੰਸਥਾਵਾਂ, ਸਕੂਲਾਂ, ਕਾਲਜਾਂ, ਐਨਸੀਸੀ ਯੂਨਿਟਾਂ, ਨਹਿਰੂ ਯੁਵਾ ਕੇਂਦਰਾਂ, ਯੁਵਕ ਸੇਵਾਵਾਂ ਕਲੱਬਾਂ ਨੂੰ ਇਸ ਸਫ਼ਾਈ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਈ.ਓ ਨਗਰ ਕੌਂਸਲ ਫ਼ਰੀਦਕੋਟ ਸ.ਮਨਿੰਦਰਪਾਲ ਸਿੰਘ, ਨਗਰ ਕੌਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ,ਸ. ਹਰਿੰਦਰ ਸਿੰਘ ਚੀਫ ਸੈਕਟਰੀ ਇੰਸਪੈਕਟਰ ਨਗਰ ਕੌਂਸਲ, ਐਨ.ਜੀ.ਓ ਤੋਂ ਦਵਿੰਦਰ ਸਿੰਘ, ਕੈਪਟਨ ਧਰਮਵੀਰ ਸਿੰਘ, ਪ੍ਰਵੀਨ ਕਾਲਾ, ਚਰਨਜੀਤ ਸਿੰਘ,ਕਮਲਜੀਤ ਸਿੰਘ, ਰੇਸ਼ਮ, ਗੁਰਵਿੰਦਰ ਸਿੰਘ, ਜਤਿੰਦਰ ਕੁਮਾਰ,ਗੁਰਪ੍ਰੀਤ ਭੰਡਾਰੀ ਅਤੇ ਵੱਖ ਵੱਖ ਐਨ.ਜੀ.ਓਜ਼ ਦੇ ਨੁਮਾਇੰਦੇ ਹਾਜ਼ਰ ਸਨ।