ਯੁਵਕ ਸੇਵਾਵਾਂ ਵਿਭਾਗ ਵੱਲੋਂ ਵਿੱਤੀ ਸਹਾਇਤਾ ਗ੍ਰਾਂਟ ਪ੍ਰਾਪਤ ਕਰਨ ਲਈ ਮੰਗੀਆਂ ਫਾਈਲਾਂ

  • ਪੇਂਡੂ ਯੁਵਕ ਕਲੱਬਾਂ ਨੂੰ ਆਪਣੀ ਵੱਖ-ਵੱਖ ਗਤੀਵਿਧੀਆਂ ਵਾਲੀ ਫਾਈਲ 10 ਨਵੰਬਰ ਤੱਕ ਜਮ੍ਹਾਂ ਕਰਵਾਉਣੀ ਲਾਜ਼ਮੀ

ਲੁਧਿਆਣਾ, 24 ਅਕਤੂਬਰ 2024 : ਪੰਜਾਬ ਸਰਕਾਰ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਵਿਭਾਗ ਨਾਲ ਐਫੀਲੀਏਟਡ ਯੁਵਕ ਕਲੱਬਾਂ ਨੂੰ ਉਨ੍ਹਾਂ ਵੱਲੋਂ ਪਿਛਲੇ 2 ਸਾਲਾਂ ਤੋਂ ਆਪਣੇ ਪਿੰਡਾਂ ਵਿੱਚ ਪਿੰਡ ਦੀ ਭਲਾਈ, ਯੁਵਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਖੂਨਦਾਨ, ਪਿੰਡ ਵਿੱਚ ਪੌਦੇ ਲਗਾਉਣ, ਮੈਡੀਕਲ ਕੈਂਪ, ਸਮਾਜ ਸੇਵਾ ਸਬੰਧੀ ਕੀਤੀਆਂ ਗਈਆਂ ਗਤੀਵਿਧੀਆਂ ਦੇ ਆਧਾਰ ਤੇ ਵਿੱਤੀ ਸਹਾਇਤਾ ਦੇਣ ਲਈ ਜ਼ਿਲ੍ਹੇ ਭਰ ਵਿੱਚੋਂ ਗਤੀਵਿਧੀਆਂ ਦੀਆਂ ਫਾਈਲਾਂ ਦੀ ਮੰਗ ਕੀਤੀ ਹੈ ਜੋਕਿ 10 ਨਵੰਬਰ, 2024 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਹਰਜ਼ਿਦਰ ਸਿੰਘ ਬੇਦੀ ਆਈ.ਏ.ਐਸ. ਨੇ ਦੱਸਿਆ ਕਿ ਯੁਵਕ ਕਲੱਬਾਂ ਵੱਲੋਂ ਆਪਣੀਆਂ ਫਾਈਲਾਂ ਵਿੱਚ ਰਿਪੋਰਟ ਦੇ ਨਾਲ ਕਲੱਬਾਂ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀਆਂ ਫੋਟੋਆਂ ਅਤੇ ਅਖਬਾਰਾਂ ਦੀਆਂ ਕਾਤਰਾਂ ਨੱਥੀ ਕੀਤੀਆਂ ਜਾਣ ਤਾਂ ਜ਼ੋ ਜ਼ਿਲ੍ਹੇ ਭਰ ਵਿੱਚੋਂ ਵਧੀਆ ਕਾਰਗੁਜ਼ਾਰੀ ਕਰਨ ਵਾਲੀਆਂ ਕਲੱਬਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਖੇਡਾਂ ਦਾ ਸਮਾਨ ਅਤੇ  ਯੁਵਕ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਗ੍ਰਾਂਟ ਜਾਰੀ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚੋਂ ਯੋਗ ਯੁਵਕ ਕਲੱਬਾਂ ਦੀ ਚੋਣ ਜ਼ਿਲ੍ਹਾ ਪੱਧਰ ਤੇ ਬਣਾਈ ਗਈ ਕਮੇਟੀ ਵੱਲੋਂ ਕੀਤੀ ਜਾਵੇਗੀ। ਯੁਵਕ ਕਲੱਬਾਂ ਵੱਲੋਂ ਇਹ ਫਾਈਲਾਂ ਦਫਤਰ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਕਮਰਾ ਨੰ: 309 ਅਤੇ 313, ਦੂਸਰੀ ਮੰਜਿਲ, ਦਫ਼ਤਰ ਡਿਪਟੀ ਕਮਿਸ਼ਨਰ, ਲੁਧਿਆਣਾ ਵਿਖੇ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 98554-01443  'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।