ਮੁੱਖ ਮੰਤਰੀ ਨੇ ਅਗਨੀਵੀਰ ਸ਼ਹੀਦ ਅਜੇ  ਸਿੰਘ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਸੌਂਪਿਆ।

  • ਸਮੁੱਚਾ ਦੇਸ਼ ਸਰਹੱਦਾਂ ਦੀ ਰਾਖੀ ਕਰਦਿਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦਾ ਕਰਜ਼ਦਾਰ: ਮੁੱਖ ਮੰਤਰੀ

ਮਲੌਦ, 25 ਜਨਵਰੀ (ਬੇਅੰਤ ਸਿੰਘ ਰੋੜੀਆਂ)  : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੀਤੇ ਦਿਨੀ ਜਿਲਾ ਲੁਧਿਆਣਾ ਦੇ ਸ਼ਹੀਦ ਹੋਏ ਅਗਨੀਵੀਰ ਜਵਾਨ ਸ਼ਹੀਦ ਅਜੇ ਸਿੰਘ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਰਾਮਗੜ੍ਹ ਸਰਦਾਰਾਂ ਪੁੱਜੇ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ਼ਹੀਦ ਦੇ ਸਤਿਕਾਰ ਵਜੋਂ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਨਾਲ ਹੀ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਵੀ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਕੇ ਪਿੰਡ ਦੇ ਸਕੂਲ ਦਾ ਨਾਮ ਸ਼ਹੀਦ ਦੇ ਨਾਮ 'ਤੇ ਰੱਖਿਆ ਜਾਵੇਗਾ ਅਤੇ ਨਾਲ ਪਿੰਡ ਵਿੱਚ ਇੱਕ ਖੇਡ ਸਟੇਡੀਅਮ ਵੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਮਾਣਮੱਤੇ ਸ਼ਹੀਦ ਜਵਾਨਾਂ ਨਾਲ ਕੋਈ ਵਿਤਕਰਾ ਨਹੀਂ ਕਰੇਗੀ,ਉਹਨਾਂ ਦੇ ਪਰਿਵਾਰਾਂ ਦੀ ਸਾਂਭ-ਸੰਭਾਲ ਕਰਨਾ ਸਰਕਾਰਾਂ ਦਾ ਨੈਤਿਕ ਫ਼ਰਜ਼ ਹੈ।
ਜਿਕਰਯੋਗ ਹੈ ਸ਼ਹੀਦ ਅਜੇ ਸਿੰਘ, ਜੋ ਕਿ ਆਪਣੇ ਸਾਥੀਆਂ ਸਮੇਤ ਰਜੌਰੀ ਜਿਲ੍ਹੇ ਦੇ ਨੌਸ਼ਹਿਰਾ ਸੈਕਟਰ ਵਿਖੇ ਰੁਟੀਨ ਗਸ਼ਤ ਉਤੇ ਜਾ ਰਿਹਾ ਸੀ ਕਿ ਜ਼ਮੀਨ ਹੇਠ ਲਗਾਈ ਗਈ ਇਕ ਬਰੂਦੀ ਸੁਰੰਗ ਫਟਣ ਨਾਲ ਤਿੰਨੋਂ ਜਣੇ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਊਧਮਪੁਰ ਦੇ ਬੇਸ ਕੈਂਪ ਹਸਪਤਾਲ ਵਿਖੇ ਲਿਆਉਣ ਤੋਂ ਬਾਅਦ ਅਜੈ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਸੇਵਾ ਦੌਰਾਨ ਆਪਣੀ ਜਾਨ ਵਾਰਨ ਵਾਲੇ ਸ਼ਹੀਦ ਦਾ ਦੇਸ਼ ਹਮੇਸ਼ਾ ਕਰਜ਼ਦਾਰ ਰਹੇਗਾ। ਉਨ੍ਹਾਂ ਕਿਹਾ ਕਿ ਇਹ ਦੇਸ਼ ਲਈ ਤੇ ਪਰਿਵਾਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਸ ਦੀ ਭਰਪਾਈ ਕਿਸੇ ਵੀ ਕੀਮਤ 'ਤੇ ਨਹੀਂ ਕੀਤੀ ਜਾ ਸਕਦੀ ਪਰ ਸਰਕਾਰ ਨੇ ਸ਼ਹੀਦ ਦੇ ਸਤਿਕਾਰ ਲਈ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹੀਦ ਕੇਵਲ ਇਕ ਪਰਿਵਾਰ ਜਾਂ ਸੂਬੇ ਦਾ ਨਹੀਂ, ਸਗੋਂ ਸਮੁੱਚੀ ਕੌਮ ਦਾ ਹੁੰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹੀ ਹੈ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਅਗਨੀਵੀਰ ਸ਼ਹੀਦ ਅਜੇ ਸਿੰਘ ਦੀ ਕੁਰਬਾਨੀ ਦੇ ਹਮੇਸ਼ਾ ਰਿਣੀ ਰਹਿਣਗੇ। ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਡਿਊਟੀ ਦੌਰਾਨ ਬਹਾਦਰੀ, ਸਮਰਪਣ ਅਤੇ ਦਲੇਰੀ ਦਾ ਪ੍ਰਦਰਸ਼ਨ ਕਰਕੇ ਦੇਸ਼ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।