ਬੀਬੀ ਮਾਣੂੰਕੇ ਨੇ ਵਿਧਾਨ ਸਭਾ 'ਚ ਚੁੱਕਿਆ ਮੰਦਬੁੱਧੀ ਬੱਚਿਆਂ ਨੂੰ ਪੈਨਸ਼ਨ ਲਗਾਉਣ ਦਾ ਮੁੱਦਾ

  • ਲਾਲਾ ਲਾਜਪਤ ਰਾਏ ਦੇ ਜੱਦੀ ਸ਼ਹਿਰ ਜਗਰਾਉਂ ਨੂੰ ਜ਼ਿਲ੍ਹਾ ਬਨਾਉਣ ਦੀ ਵੀ ਕੀਤੀ ਮੰਗ

ਜਗਰਾਉਂ, 29 ਨਵੰਬਰ : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸ਼ੈਸ਼ਨ ਦੌਰਾਨ ਜਨਮ ਤੋਂ ਹੀ ਪੈਦਾ ਹੁੰਦੇ ਮੰਦਬੁੱਧੀ ਬੱਚਿਆਂ ਦਾ ਮੁੱਦਾ ਚੁੱਕਿਆ। ਉਹਨਾਂ ਆਖਿਆ ਕਿ ਉਹ ਸਰਕਾਰ ਦਾ ਧਿਆਨ ਲੋਕ ਮਹੱਤਤਾ ਵਾਲੇ ਅਤੀ ਜ਼ਰੂਰੀ ਮਾਮਲੇ ਵੱਲ ਦਿਵਾਉਣਾ ਚਾਹੁੰਦੇ ਹਨ ਕਿ ਜੋ ਬੱਚੇ ਅਕਸਰ ਕੁਦਰਤੀ ਤੌਰਤੇ ਅੰਗਹੀਣ ਜਾਂ ਮੰਦਬੁੱਧੀ ਪੈਦਾ ਹੁੰਦੇ ਹਨ ਅਤੇ ਉਹ ਦਿਮਾਗੀ ਤੌਰਤੇ ਵਿਕਸਤ ਨਹੀਂ ਹੁੰਦੇ। ਆਮ ਤੌਰਤੇ ਉਹ ਬੱਚੇ ਆਪਣੇ ਮਾਂ-ਬਾਪ ਦੀ ਬੇਕਦਰੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹੇ ਬੱਚਿਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੁੰਦੀ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਬੱਚੇ ਅਜਿਹੇ ਵੀ ਹੁੰਦੇ ਹਨ, ਜਿੰਨਾਂ ਦੇ ਮਾਤਾ-ਪਿਤਾ ਦੀ ਮੌਤ ਬੱਚਿਆਂ ਦੇ ਜਨਮ ਸਮੇਂ ਜਾਂ ਉਸ ਤੋਂ ਬਾਅਦ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਬੱਚਿਆਂ ਦਾ ਕੋਈ ਵੀ ਸਹਾਰਾ ਨਾ ਹੋਣ ਕਾਰਨ ਜਿਊਂਦੇ ਰਹਿਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਸਰਕਾਰ ਨੂੰ ਗੁਜ਼ਾਰਿਸ਼ ਹੈ ਕਿ ਇਹਨਾਂ ਅੰਗਹੀਣ, ਮੰਦਬੁੱਧੀ ਤੇ ਦਿਮਾਗੀ ਤੌਰਤੇ ਅਪਾਹਜ਼ ਬੱਚਿਆਂ ਲਈ ਜਨਮ ਸਮੇਂ ਤੋਂ ਹੀ ਪੈਨਸ਼ਨ ਜਾਂ ਮਾਲੀ ਸਹੂਲਤ, ਬਿਨਾਂ ਕਿਸੇ ਸ਼ਰਤ ਤੋਂ ਪਹਿਲ ਦੇ ਅਧਾਰ 'ਤੇ ਲਾਗੂ ਹੋਣੀ ਚਾਹੀਦੀ ਹੈ ਅਤੇ ਇਹਨਾਂ ਬੱਚਿਆਂ ਦੇ ਸਰੀਰਕ/ਮਾਨਸ਼ਿਕ ਰੋਗਾਂ ਦੇ ਇਲਾਜ਼ ਵਾਸਤੇ ਖਰਚਾ ਦਿੱਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹੋ ਜਿਹੇ ਬੱਚੇ ਵੀ ਸਮਾਜ਼ ਵਿੱਚ ਆਮ ਨਾਗਰਿਕਾਂ ਦੀ ਤਰ੍ਹਾਂ ਹੀ ਇੱਜ਼ਤ ਤੇ ਸਨਮਾਨ ਨਾਲ ਜੀਵਨ ਬਸਰ ਕਰ ਸਕਣ। ਵਿਧਾਇਕਾ ਮਾਣੂੰਕੇ ਵੱਲੋਂ ਉਠਾਏ ਇਸ ਮਾਮਲੇ ਦੀ ਅਹਿਮੀਅਤ ਨੂੰ ਵੇਖਿਦਆਂ ਔਰਤਾਂ ਦੀ ਸਮਾਜਿੱਕ ਸੁਰੱਖਿਆ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ.ਬਲਜੀਤ ਕੌਰ ਨੇ ਵਿਧਾਨ ਸਭਾ ਵਿੱਚ ਜੁਵਾਬ ਦਿੰਦਿਆਂ ਦੱਸਿਆ ਕਿ ਸਮਾਜਿੱਕ ਸੁਰੱਖਿਆ ਵਿਭਾਗ ਪੰਜਾਬ ਵੱਲੋਂ 2,12,448 ਆਸ਼ਰਿਤ ਬੱਚਿਆਂ, 2,59,568 ਦਿਵਿਆਂਗ ਬੱਚਿਆਂ ਅਤੇ 12,396 ਬੰਦਬੁੱਧੀ ਬੱਚਿਆਂ ਨੂੰ ਪੈਨਸ਼ਨ ਦਿੱਤੀ ਜਾ ਰਹੀ ਹੈ। ਇਸ ਵਿਧਾਇਕਾ ਮਾਣੂੰਕੇ ਨੇ ਮੰਤਰੀ ਸਾਹਿਬਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਸੁਆਲ ਨੂੰ ਮੁੜ ਦੁਹਰਾਉਂਦਿਆਂ ਮੰਗ ਕੀਤੀ ਕਿ ਜਦੋਂ ਜਨਮ ਸਮੇਂ ਪਤਾ ਲੱਗ ਜਾਂਦਾ ਹੈ ਕਿ ਬੱਚਾ ਅਪਾਹਜ਼ ਜਾਂ ਮੰਦਬੁੱਧੀ ਹੈ ਤਾਂ ਉਸ ਨੂੰ ਉਸੇ ਸਮੇਂ ਹੀ ਪੈਨਸ਼ਨ ਜਾਂ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ, ਕਿਉਂਕਿ ਕਈ ਮਾਂ-ਬਾਪ ਅਜਿਹੇ ਬੱਚਿਆਂ ਤੋਂ ਖਹਿੜਾ ਛੁਡਵਾਉਣ ਲਈ ਜਾਂ ਤਾਂ ਅਨਾਥ ਆਸ਼ਰਮ ਵੱਲ ਧੱਕ ਦਿੰਦੇ ਹਨ ਜਾਂ ਉਹਨਾਂ ਨੂੰ ਸਮਾਜ ਦੀ ਹੀਣ-ਭਾਵਨਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਤੇ ਉਹ ਬੱਚਿਆਂ ਤੋਂ ਦੂਰ ਹੋ ਜਾਂਦੇ ਹਨ। ਇਸ ਲਈ ਇਹਨਾਂ ਬੱਚਿਆਂ ਦੀ ਤਰਸਯੋਗ ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੋਈ ਅਜਿਹੀ ਤਜ਼ਵੀਜ ਜਾਂ ਸਕੀਮ ਲਿਆਂਦੀ ਜਾਣੀ ਚਾਹੀਦੀ ਹੈ ਕਿ ਬੱਚੇ ਨੂੰ ਜਾਂ ਉਸਦੇ ਮਾਂ-ਬਾਪ ਨੂੰ ਬੱਚੇ ਦੇ ਜਿਉਂਦੇ ਰਹਿਣ ਤੱਕ ਪੈਨਸ਼ਨ ਲਗਾਈ ਜਾਵੇ, ਤਾਂ ਜੋ ਕੋਈ ਅਜਿਹੇ ਅਪਾਹਜ਼ ਜਾਂ ਮੰਦਬੁੱਧੀ ਬੱਚੇ ਨੂੰ ਛੱਡਕੇ ਨਾ ਜਾਵੇ ਅਤੇ ਗਲੀਆਂ ਵਿੱਚ ਰੁਲਣ ਲਈ ਨਾ ਸੁੱਟੇ। ਇਸ ਤੇ ਮੰਤਰੀ ਡਾ.ਬਲਜੀਤ ਕੌਰ ਨੇ ਵਿਸ਼ਵਾਸ਼ ਦਿਵਾਉਂਦਿਆਂ ਆਖਿਆ ਕਿ ਭਾਵੇਂ ਬੱਚੇ ਦੇ ਜਨਮ ਸਮੇਂ ਅਪਾਹਜ਼ ਜਾਂ ਮੰਦਬੁੱਧੀ ਬੱਚੇ ਦਾ ਤੁਰੰਤ ਪਤਾ ਲਗਾਉਣ ਔਖਾ ਹੈ, ਪਰੰਤੂ ਫਿਰ ਵੀ ਸਿਹਤ ਮੰਤਰੀ ਅਤੇ ਸਿਹਤ ਵਿਭਾਗ ਨਾਲ ਰਾਬਤਾ ਕਰਕੇ ਇਸ ਸਬੰਧੀ ਢੁਕਵੀਂ ਪਾਲਿਸੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਉਂ ਨੂੰ ਜ਼ਿਲ੍ਹਾ ਬਨਾਉਣ ਲਈ ਵੀ ਪੰਜਾਬ ਵਿਧਾਨ ਸਭਾ ਵਿੱਚ ਸੁਆਲ ਉਠਾਇਆ ਅਤੇ ਮੰਗ ਕੀਤੀ ਕਿ ਜਗਰਾਉਂ ਦੇ ਕੰਮਾਂ ਦੀ ਮਾਤਰਾ, ਅਵਾਜ਼ਾਈ ਦੇ ਰੁਝਾਨ, ਸਮਾਜਿੱਕ, ਉਦਯੋਗਿਕ, ਵਪਾਰਿਕ ਅਤੇ ਆਰਥਿਕ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਗਰਾਉਂ ਨੂੰ ਜ਼ਿਲ੍ਹਾ ਬਣਾਇਆ ਜਾਵੇ। ਇਸ ਤੋਂ ਇਲਾਵਾ ਜਗਰਾਉਂ ਸ਼ਹਿਰ ਦਾ ਏਰੀਆ ਭਗਤੀ ਦੇ ਪੁੰਜ, ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਵਰੋਸਾਈ ਧਰਤੀ ਨਾਨਕਸਰ ਨਾਲ ਵੀ ਜੁੜਿਆ ਹੋਇਆ ਹੈ। ਜਿੱਥੇ ਲੱਖਾਂ ਸੰਗਤਾਂ ਨਤਮਸਤਕ ਹੁੰਦੀਆਂ ਹਨ।