- ਸਾਲ 2023-24 ਦੌਰਾਨ ਪਰਾਲੀ ਦੀ ਅੱਗ ਨੂੰ ਰੋਕਣ ਲਈ 885 ਮਸ਼ੀਨਾਂ ਸਬਸਿਡੀ ਤੇ ਕਰਵਾਈਆਂ ਮੁਹੱਈਆ
- ਡਿਪਟੀ ਕਮਿਸ਼ਨਰ ਨੇ ਪਰਾਲੀ ਨੂੰ ਜਿਆਦਾ ਅੱਗ ਲਗਾਉਣ ਵਾਲੇ ਪਿੰਡ ਦਾ ਕੀਤਾ ਦੌਰਾ
ਅੰਮ੍ਰਿਤਸਰ 6 ਫਰਵਰੀ : ਜਿਲ੍ਹੇ ਦੇ ਕੁੱਲ 776 ਪਿੰਡਾਂ ਵਿਚੋਂ 280 ਪਿੰਡਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਜੀਰੋ ਬਰਨਿੰਗ ਹੋਈ ਹੈ ਅਤੇ ਵਿੱਤੀ ਸਾਲ 2023-24 ਦੌਰਾਨ ਪਰਾਲੀ ਦੀ ਅੱਗ ਨੂੰ ਰੋਕਣ ਲਈ 885 ਮਸ਼ੀਨਾਂ ਸਬਸਿਡੀ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅੱਜ ਸਾਉਣੀ 2023 ਦੌਰਾਨ ਪਰਾਲੀ ਨੂੰ ਸਭ ਤੋਂ ਵੱਧ ਲਗਾਉਣ ਵਾਲੇ ਬਲਾਕ ਮਜੀਠਾ ਦੇ ਪਿੰਡ ਨਵੇਂ ਨਾਗ ਦਾ ਦੌਰਾ ਕਰਨ ਸਮੇਂ ਕੀਤਾ। ਉਨਾਂ ਦੱਸਿਆ ਕਿ ਸੈਟੇਲਾਈਟ ਮੁਤਾਬਿਕ 1573 ਸਪਾਟਾਂ ’ਤੇ ਪਰਾਲੀ ਨੂੰ ਅੱਗ ਲੱਗਣ ਦੀਆਂ ਸੂਚਨਾ ਪ੍ਰਾਪਤ ਹੋਈ ਸੀ। ਉਨਾਂ ਦੱਸਿਆ ਕਿ ਵਾਤਾਵਰਨ ਨੂੰ ਬਚਾਉਣ ਲਈ ਅਤੇ ਪਰਾਲੀ ਦੀ ਅੱਗ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵਲੋਂ ਸਬਸਿਡੀ ਅਧੀਨ ਮਸ਼ੀਨਾਂ ਮੁਹੱਈਆ ਕਰਵਾਈਆਂ ਗਈਆਂ ਸਨ। ਜਿਸ ਅਧੀਨ ਗਰੁੱਪਾਂ ਵਿੱਚ ਮਸ਼ੀਨ ਲੈਣ ਲਈ 80 ਫੀਸਦੀ ਸਬਸਿਡੀ ਅਤੇ ਇਕ ਕਿਸਾਨ ਵਲੋਂ ਮਸ਼ੀਨ ਲੈਣ ਲਈ 50 ਫੀਸਦੀ ਸਬਸਿਡੀ ਦਿੱਤੀ ਗਈ ਸੀ। ਉਨਾਂ ਦੱਸਿਆ ਕਿ 2018 ਤੋਂ ਲੈ ਕੇ ਹੁਣ ਤੱਕ 4704 ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਗਈਆਂ ਹਨ। ਸ੍ਰੀ ਥੋਰੀ ਨੇ ਕਿਸਾਨਾਂ ਨਾਲ ਗੱਲਬਾਤ ਕਰਕੇ ਬਲਾਕ ਮਜੀਠਾ ਦੇ ਪਿੰਡ ਨਵੇਂ ਨਾਗ ਵਿੱਚ ਵੱਧ ਅੱਗ ਲੱਗਣ ਦੇ ਕਾਰਨਾਂ ਨੂੰ ਜਾਣਿਆ। ਇਸ ਮੌਕੇ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਜਿਲ੍ਹਾ ਅੰਮ੍ਰਿਤਸਰ ਵਿੱਚ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਕਰਨ ਦੀ ਸਰਕਾਰ ਵੱਲੋਂ ਆਗਿਆ ਹੋਣੀ ਚਾਹੀਦੀ ਹੈ ਤਾਂ ਜੋ ਝੋਨੇ ਦੀ ਕਟਾਈ ਅਤੇ ਸਬਜੀਆਂ ਦੀ ਅਗੇਤੀ ਬਿਜਾਈ ਕਰਨ ਵਿੱਚ ਉਹਨਾ ਨੂੰ ਕੁਝ ਦਿਨਾਂ ਦਾ ਸਮਾਂ ਪਰਾਲੀ ਦੀ ਸਾਂਭ-ਸੰਭਾਲ ਕਰਨ ਲਈ ਮਿਲ ਸਕੇ ਅਤੇ ਖੇਤੀ ਮਸ਼ੀਨਰੀ ਸਬਸਿਡੀ ਤੇ ਉਪਲੱਬਧ ਕਰਵਾਉਣ ਦੇ ਨਾਲ-ਨਾਲ ਪ੍ਰਤੀ ਏਕੜ 2000 ਰੁਪਏ ਮੁਆਵਜਾ ਪਰਾਲੀ ਦੀ ਸਾਂਭ-ਸੰਭਾਲ ਲਈ ਵੀ ਸਰਕਾਰ ਵੱਲੋਂ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪਰਾਲੀ ਦੀ ਸੰਭਾਲ ਲਈ ਵੱਖ-ਵੱਖ ਤਰਾਂ ਦੀਆਂ ਨਵੀਨਤਮ ਖੇਤੀ ਮਸ਼ੀਨਾਂ ਕਿਸਾਨਾਂ, ਸਹਿਕਾਰੀ ਸਭਾਵਾਂ, ਕਿਸਾਨ ਗਰੁੱਪਾਂ ਪਾਸ ਉਪਲੱਬਧ ਹਨ ਜਿੰਨਾਂ ਦੀ ਵਰਤੋਂ ਕਰਕੇ ਪਰਾਲੀ ਦੀਆਂ ਗੱਠਾਂ ਬਣਾ ਕੇ ਖੇਤ ਤੋਂ ਬਾਹਰ ਕੱਢ ਸਕਦੇ ਹਨ ਜਾਂ ਖੇਤ ਦੇ ਵਿੱਚ ਹੀ ਵਾਹ ਕੇ ਅਗਲੀ ਫਸਲ ਦੀ ਬਿਜਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪਰਾਲੀ ਜਲਾਉਣ ਦੇ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਜਮੀਨ ਦੀ ਸਤਹਿ ਖਰਾਬ ਹੁੰਦੀ ਹੈ, ਮਿੱਤਰ ਕੀੜੇ ਮਰ ਜਾਂਦੇ ਹਨ ਅਤੇ ਬਹੁਕੀਮਤੀ ਖੁਰਾਕੀ ਤੱਤ ਨਸ਼ਟ ਹੋ ਜਾਂਦੇ ਹਨ। ਡਿਪਟੀ ਕਮਿਸ਼ਨਰ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਉਹ ਜੀਰੋ ਬਰਨਿੰਗ ਵਾਲੇ ਪਿੰਡਾਂ ਤੋਂ ਸੇਧ ਲੈਣ ਤਾਂ ਜੋ ਵਾਤਾਵਰਨ ਨੂੰ ਪ੍ਰਦੂਸ਼ਿਤ ਹੋੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਜਤਿੰਦਰ ਸਿੰਘ ਗਿੱਲ, ਬਲਾਕ ਖੇਤੀਬਾੜੀ ਅਫਸਰ ਸੁਖਚੈਨ ਸਿੰਘ, ਵਿਸ਼ਾ ਵਸਤੂ ਮਾਹਿਰ ਰਮਨ ਕੁਮਾਰ, ਸਹਾਇਕ ਇੰਜੀਨੀਅਰ ਪ੍ਰਦੂਸ਼ਣ ਰੋਕਥਾਮ ਬੋਰਡ ਵਿਨੋਦ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਦਵਿੰਦਰ ਸਿੰਘ, ਅਮਰਦੀਪ ਸਿੰਘ, ਸ਼ਰਨਜੀਤ ਸਿੰਘ, ਅਮਨਦੀਪ ਸਿੰਘ, ਲਵਪ੍ਰੀਤ ਸਿੰਘ ਅਤੇ ਸਤਨਾਮ ਸਿੰਘ ਸਰਪੰਚ, ਨਿਰਮਲ ਸਿੰਘ ਸਾਬਕਾ ਸਰਪੰਚ, ਸਾਬਕਾ ਚੇਅਰਮੈਨ ਕਰਨੈਲ ਸਿੰਘ, ਸੁਖਦੇਵ ਸਿੰਘ, ਜਗਰੂਪ ਸਿੰਘ, ਬਲਰਾਜ ਸਿੰਘ, ਸਨਦੀਪ ਸਿੰਘ, ਬਲਬੀਰ ਸਿੰਘ ਅਤੇ ਪਿੰਡ ਦੇ ਹੋਰ ਮੁਹਤਬਰ ਹਾਜਰ ਸਨ।