ਤਰਨਤਾਰਨ, 19 ਨਵੰਬਰ 2024 : ਪਾਕਿਸਤਾਨ ਲੱਗਦੀ ਸਰਹੱਦ ਤੋਂ ਡਰੋਨਾਂ ਰਾਹੀਂ ਹੋ ਰਹੀ ਤਸਕਰੀ ਰੁੱਕਣ ਦਾ ਨਾਮ ਨਹੀਂ ਲੈ ਰਹੀ। ਇਸੇ ਤਰਾਂ ਦਾ ਮਾਮਲਾ ਜਿਲ੍ਹਾ ਤਰਨਤਾਰਨ ਦੇ ਨੌਸ਼ਿਹਰਾ ਢਾਲਾ ਅਤੇ ਮਾੜੀ ਮੇਘਾ ਅਤੇ ਵਾਂ ਤਾਰਾ ਸਿੰਘ ਤੋਂ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਅਤੇ ਬੀਐਸਐਫ ਵੱਲੋਂ ਸਰਹੱਦ ਪਾਰੋਂ ਤਸਕਰੀ ਨੂੰ ਰੋਕਣ ਦੇ ਮਕਸਦ ਨਾਲ ਸ਼ੁਰੂ ਕੀਤੇ ਸਾਂਝੇ ਤਲਾਸ਼ੀ ਅਭਿਆਨ ਤਹਿਤ ਤਿੰਨ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਅਭੀਮੰਨਿਊ ਰਾਣਾ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਅਤੇ ਬੀਐੱਸਐੱਫ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਪਿੰਡ ਨੌਸ਼ਿਹਰਾ ਢਾਲਾ ਦੇ ਖੇਤਾਂ ਵਿੱਚੋਂ 506 ਗ੍ਰਾਮ ਹੈਰੋਇਨ ਅਤੇ 1 ਡ੍ਰੋਨ ਬ੍ਰਾਮਦ ਕੀਤਾ ਹੈ। ਇਹ ਬਰਾਮਦਗੀ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਕੀਤੀ ਗਈ। ਬਰਾਮਦ ਹੋਇਆ ਡ੍ਰੋਨ ਚੀਨ ਦਾ ਬਣਿਆ ਡੀਜੇਆਈ ਮੈਵਿਸ 3 ਕਲਾਸਿਕ ਹੈ। ਇਸ ਸਬੰਧੀ ਥਾਣਾ ਸਰਾਏ ਅਮਾਨਤ ਖਾਂ ਵਿਖੇ ਕੇਸ ਦਰਜ ਕਰਕੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਡ੍ਰੋਨ ਤੇ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਸੀ ਅਤੇ ਇਸ ਖੇਪ ਨੂੰ ਮੰਗਵਾਉਣ ਵਾਲਿਆਂ ਦਾ ਸੁਰਾਗ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਜਲਦ ਬੇਨਕਾਬ ਕਰਕੇ ਕਾਬੂ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਥਾਣਾ ਖਾਲੜਾ ਦੀ ਪੁਲਿਸ ਅਤੇ ਬੀਐੱਸਐੱਫ ਨੇ ਸਾਂਝੇ ਤੌਰ ’ਤੇ ਪਿੰਡ ਮਾੜੀਮੇਘਾ ਅਤੇ ਵਾਂ ਤਾਰਾ ਸਿੰਘ ਦੇ ਖੇਤਾਂ ਵਿੱਚੋਂ 2 ਡ੍ਰੋਨ ਅਤੇ 505 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਹੈ। ਇਹ ਡ੍ਰੋਨ ਵੀ ਡੀਜੇਆਈ ਮੈਵਿਸ 3 ਕਲਾਸਿਕ ਕੰਪਨੀ ਦੇ ਹੀ ਹਨ ਜਿਸ ਸਬੰਧੀ ਥਾਣਾ ਖਾਲੜਾ ’ਚ ਦੋ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਹੈਰੋਇਨ ਮੰਗਵਾਉਣ ਵਾਲਿਆਂ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ।