- ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਚੋਹਲਾ ਸਾਹਿਬ ਵਿਖੇ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ-2023” ਤਹਿਤ ਕਰਵਾਏ ਜਾ ਰਹੇ ਕੁਸ਼ਤੀ ਮੁਕਾਬਲਿਆਂ ਦਾ ਕੀਤਾ ਰਸਮੀਂ ਉਦਘਾਟਨ
- ਰੁਸਤਮ-ਏ-ਹਿੰਦ ਪਹਿਲਵਾਨ ਦਾਰਾ ਸਿੰਘ ਦੇ ਭਤੀਜੇ ਸ੍ਰੀ ਬਲਜੀਤ ਸਿੰਘ ਅਤੇ ਦੋਹਤਰੇ ਸ੍ਰੀ ਅਕਾਸ਼ ਪਹਿਲਵਾਨ ਦਾ ਵਿਸ਼ੇਸ ਤੌਰ ‘ਤੇ ਕੀਤਾ ਗਿਆ ਸਨਮਾਨ
- 02 ਦਸਬੰਰ ਨੂੰ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਵਿੱਚ ਜਸਕਵਰ ਸਿੰਘ (ਜੱਸਾ ਪੱਟੀ) ਤਰਨ ਤਾਰਨ, ਧਰਮਿੰਦਰ ਅੰਮ੍ਰਿਤਸਰ, ਪ੍ਰਿਤਪਾਲ ਸਿੰਘ ਫਗਵਾੜਾ, ਰੂਬਲਜੀਤ ਸਿੰਘ ਖੰਨਾ ਅਤੇ ਕਮਲਜੀਤ ਸਿੰਘ ਫਤਿਹਗੜ੍ਹ ਸਾਹਿਬ ਦਿਖਾਉਣਗੇ ਆਪਣੇ ਜੌਹਰ
ਚੋਹਲਾ ਸਾਹਿਬ (ਤਰਨ ਤਾਰਨ), 01 ਦਸੰਬਰ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਅਤੇ ਵਿਰਾਸਤੀ ਖੇਡਾਂ ਤੇ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਨ ਲਈ ਦ੍ਰਿੜ ਸੰਕਲਪ ਹੈ ਅਤੇ ਇਸ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੋਹਲਾ ਸਾਹਿਬ ਵਿਖੇ ਰੁਸਤਮ-ਏ-ਹਿੰਦ ਪਹਿਲਵਾਨ ਦਾਰਾ ਸਿੰਘ ਦੀ ਯਾਦ ਵਿਚ ਲੱਗਣ ਵਾਲੀ ਛਿੰਝ ਉਨਾਂ ਵਿਚੋਂ ਇੱਕ ਹੈ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ, ਅਨਮੋਲ ਗਗਨ ਮਾਨ ਨੇ ਅੱਜ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਜੀ ਖੇਡ ਸਟੇਡੀਅਮ ਵਿਖੇ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ-2023” ਤਹਿਤ ਕਰਵਾਏ ਜਾ ਰਹੇ ਕੁਸ਼ਤੀ ਮੁਕਾਬਲਿਆਂ ਦਾ ਰਸਮੀਂ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਹਲਕਾ ਵਿਧਾਇਕ ਖਡੂਰ ਸਾਹਿਬ ਸ੍ਰੀ ਮਨਜਿੰਦਰ ਸਿੰਘ ਲਾਲਾਪੁਰਾ, ਹਲਕਾ ਵਿਧਾਇਕ ਖਡੂਰ ਸਾਹਿਬ ਡਾ. ਕਸ਼ਮੀਰ ਸਿੰਘ ਸੋਹਲ, ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ, ਐੱਸ. ਐੱਸ. ਪੀ. ਤਰਨ ਤਾਰਨ ਸ੍ਰੀ ਅਸ਼ਵਨੀ ਕਪੂਰ ਅਤੇ ਡਾਇਰੈਕਟਰ ਸੱਭਿਆਚਾਰ ਮਾਮਲੇ ਸ਼੍ਰੀਮਤੀ ਨੀਰੂ ਕਤਿਆਲ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ। ਇਸ ਮੌਕੇ ਕੈਬਨਿਟ ਮੰਤਰੀ, ਅਨਮੋਲ ਗਗਨ ਮਾਨ ਵੱਲੋਂ ਰੁਸਤਮ-ਏ-ਹਿੰਦ ਪਹਿਲਵਾਨ ਦਾਰਾ ਸਿੰਘ ਦੇ ਭਤੀਜੇ ਸ੍ਰੀ ਬਲਜੀਤ ਸਿੰਘ ਅਤੇ ਦੋਹਤਰੇ ਸ੍ਰੀ ਅਕਾਸ਼ ਪਹਿਲਵਾਨ ਦਾ ਵਿਸ਼ੇਸ ਤੌਰ ‘ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਨਾਮਵਰ ਗਾਇਕ ਨਵਜੀਤ ਗਿੱਲ ਵੱਲੋਂ ਸੱਭਿਆਚਾਰਕ ਗੀਤਾਂ ਨਾਲ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਗਿਆ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਭੰਗੜੇ ਤੇ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ। ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਨੇ ਹਰੇਕ ਖਿੱਤੇ ਦੀ ਖਾਸੀਅਤ ਦੇ ਹਿਸਾਬ ਨਾਲ ਉਥੇ ਮੇਲੇ ਲਗਾਉਣ ਦਾ ਜੋ ਪ੍ਰੋਗਰਾਮ ਉਲੀਕਿਆ ਹੈ, ਉਸ ਅਨੁਸਾਰ ਮਾਝੇ ਦੀ ਇਸ ਧਰਤੀ ਨੂੰ ਛਿੰਝ ਮੇਲਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਦੀ ਯਾਦ ਵਿਚ ਮੇਲਾ, ਖਟਕੜ ਕਲਾਂ ਵਿਖੇ ਇਨਕਲਾਬ ਫੈਸਟੀਵਲ, ਹਰੀ ਸਿੰਘ ਨਲਵਾ ਦੀ ਯਾਦ ਵਿਚ ਗੁਰਦਾਸਪੁਰ ਵਿਖੇ ਮੇਲਾ ਕਰਵਾਇਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਜਨਵਰੀ ਮਹੀਨੇ ਵਿੱਚ ਮੁਕਤਸਰ ਸਾਹਿਬ ਵਿਖੇ ਮਾਘੀ, ਫਿਰੋਜ਼ਪੁਰ ਵਿਖੇ ਬਸੰਤ ਉਤਸਵ ਅਤੇ ਰੰਗਲਾ ਪੰਜਾਬ ਮੇਲਾ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕਪੂਰਥਲਾ ਹੈਰੀਟੇਜ ਫੈਸਟੀਵਲ, ਬਠਿੰਡਾ ਵਿਚ ਵਿਸਾਖੀ ਮੇਲਾ,ਪਟਿਆਲਾ ਹੈਰੀਟੇਜ ਫੈਸਟੀਅਲ,ਹੋਲਾ ਮਹੱਲਾ ਸ਼੍ਰੀ ਆਨੰਦਪੁਰ ਸਾਹਿਬ ਅਤ ਲੁਧਿਆਣਾ ਵਿਚ ਕਿਲ੍ਹਾਂ ਰਾਏਕੋਟ ਪੇਂਡੂ ਖੇਡਾ ਵੀ ਕਰਵਾਈਆਂ ਜਾ ਰਹੀਆਂ ਹਨ। ਜਿੱਥੇ ਪੰਜਾਬ ਸਭਿਆਚਾਰ ਦੇ ਸਾਰੇ ਪਹਿਲੂਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਹਨਾਂਾ ਖੇਡ ਮੇਲਿਆਂ ਨਾਲ ਸਾਡੇ ਨੌਜਵਾਨਾਂ ਵਿੱਚ ਆਪਣੇ ਇਤਹਾਸ ਨੂੰ ਖੋਜਣ ਦੀ ਰੁਚੀ ਵਧੇਗੀ, ਉਹ ਦਾਰਾ ਸਿੰਘ ਵਰਗੇ ਪਹਿਲਵਾਨਾਂ ਦੇ ਪਦ ਚਿੰਨਾਂ ਉਤੇ ਚੱਲਦੇ ਹੋਏ ਅਖਾੜਿਆਂ ਦਾ ਸ਼ਿੰਗਾਰ ਬਣਨਗੇ। ਇਸ ਮੌਕੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ “ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ-2023” ਦੌਰਾਨ 80 ਕਿਲੋ ਭਾਰ ਵਰਗ ਤੋਂ ਜ਼ਿਆਦਾ ਰੁਸਤਮੇ-ਪੰਜਾਬ ਟਾਈਟਲ ਲਈ ਪਹਿਲਾ ਇਨਾਮ 5 ਲੱਖ ਰੁਪਏ, ਦੂਸਰਾ ਇਨਾਮ 2 ਲੱਖ ਰੁਪਏ ਅਤੇ ਤੀਜੇ ਸਥਾਨ ਲਈ ਇੱਕ ਲੱਖ ਰੁਪਏ ਦਿੱਤੇ ਜਾ ਰਹੇ ਹਨ।ਇਸ ਤੋਂ ਇਲਾਵਾ ਬਾਕੀ ਭਾਰ ਵਰਗ ਦੇ ਜੇਤੂ ਲੜਕੇ ਤੇ ਲੜਕੀਆਂ ਨੂੰ ਪਹਿਲਾ ਇਨਾਮ 51 ਹਜ਼ਾਰ ਰੁਪਏ, ਦੂਜਾ ਇਨਾਮ 31 ਹਜ਼ਾਰ ਰੁਪਏ ਅਤੇ ਤੀਜਾ ਇਨਾਮ 21 ਹਜ਼ਾਰ ਰੁਪਏ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ 02 ਦਸਬੰਰ ਨੂੰ ਹੋਣ ਵਾਲੇ ਕੁਸ਼ਤੀ ਮੁਕਾਬਲਿਆਂ ਵਿੱਚ ਜਸਕਵਰ ਸਿੰਘ (ਜੱਸਾ ਪੱਟੀ) ਤਰਨ ਤਾਰਨ, ਧਰਮਿੰਦਰ ਅੰਮ੍ਰਿਤਸਰ, ਪ੍ਰਿਤਪਾਲ ਸਿੰਘ ਫਗਵਾੜਾ, ਰੂਬਲਜੀਤ ਸਿੰਘ ਖੰਨਾ ਅਤੇ ਕਮਲਜੀਤ ਸਿੰਘ ਫਤਿਹਗੜ੍ਹ ਸਾਹਿਬ ਆਪਣੇ ਜੌਹਰ ਦਿਖਾਉਣਗੇ। ਇਸ ਮੌਕੇ ਨਗਰ ਸੁਧਾਰ ਟਰੱਸਟ ਤਰਨ ਤਾਰਨ ਦੇ ਚੇਅਰਮੈਨ ਸ੍ਰੀ ਰਜਿੰਦਰ ਉਸਮਾਂ, ਮਾਰਕੀਟ ਕਮੇਟੀ ਹਰੀਕੇ ਦੇ ਚੇਅਰਮੈਨ ਸ੍ਰੀ ਦਿਲਬਾਗ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਸ਼ਰਮਾ, ਐੱਸ. ਡੀ. ਐੱਮ. ਖਡੂਰ ਸਾਹਿਬ ਸ੍ਰੀ ਦੀਪਕ ਭਾਟੀਆ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਸ੍ਰੀ ਬਿਕਰਮਜੀਤ ਸਿੰਘ ਪੁਰੇਵਾਲ, ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਸਤਵੰਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।