- ਜ਼ਿਲ੍ਹੇ ਦੀਆਂ 636 ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਮਤੇ ਪਾ ਕੇ ਨਵੇਂ ਸਾਲ ਦਾ ਅਹਿਦ ਲਿਆ
- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਪੰਚਾਇਤਾਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ
ਗੁਰਦਾਸਪੁਰ, 2 ਜਨਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਲਾਮਬੱਧ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁਹਿੰਮ ਅਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਪ੍ਰੇਰਨਾ ਸਦਕਾ ਨਵੇਂ ਸਾਲ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੀਆਂ 636 ਪੰਚਾਇਤਾਂ ਨੇ ਨਸ਼ਿਆਂ ਖਿਲਾਫ ਮਤੇ ਪਾ ਕੇ ਸਾਲ 2024 ਦੌਰਾਨ ਆਪਣੇ ਪਿੰਡਾਂ ਵਿਚੋਂ ਨਸ਼ੇ ਦੇ ਖਾਤਮੇ ਦਾ ਦ੍ਰਿੜ ਸੰਕਲਪ ਕੀਤਾ ਹੈ। ਪੰਚਾਇਤਾਂ ਵੱਲੋਂ ਪਾਸ ਕੀਤੇ ਗਏ ਇਨ੍ਹਾਂ ਮਤਿਆਂ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 636 ਪੰਚਾਇਤਾਂ ਨੇ ਨਵੇਂ ਸਾਲ ਦੇ ਪਹਿਲੇ ਦਿਨ ਨਸ਼ਿਆਂ ਵਿਰੁੱਧ ਮਤੇ ਪਾ ਕੇ ਇਹ ਸੰਕਲਪ ਕੀਤਾ ਹੈ ਕਿ ਸਾਲ 2024 ਦੌਰਾਨ ਉਹ ਆਪਣੇ ਪਿੰਡਾਂ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਕੇ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਗੇ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਨਸ਼ਾ ਵਿਰੋਧੀ ਮਤੇ ਬਲਾਕ ਕਾਹਨੂੰਵਾਨ ਦੀਆਂ 136 ਪੰਚਾਇਤਾਂ ਵੱਲੋਂ ਪਾਏ ਗਏ ਹਨ, ਜਦਕਿ ਬਲਾਕ ਗੁਰਦਾਸਪੁਰ ਦੀ 50 ਪੰਚਾਇਤਾਂ, ਦੀਨਾਗਰ ਬਲਾਕ ਦੀਆਂ 50 ਪੰਚਾਇਤਾਂ, ਦੋਰਾਂਗਲਾ ਬਲਾਕ ਦੀਆਂ 50 ਪੰਚਾਇਤਾਂ, ਕਾਦੀਆਂ ਬਲਾਕ ਦੀਆਂ 50 ਪੰਚਾਇਤਾਂ, ਸ੍ਰੀ ਹਰਗੋਬਿੰਦਪੁਰ ਸਾਹਿਬ ਦੀਆਂ 50 ਪੰਚਾਇਤਾਂ, ਬਟਾਲਾ ਬਲਾਕ ਦੀਆਂ 50 ਪੰਚਾਇਤਾਂ, ਕਲਾਨੌਰ ਬਲਾਕ ਦੀਾਆਂ 50 ਪੰਚਾਇਤਾਂ, ਫ਼ਤਹਿਗੜ੍ਹ ਚੂੜੀਆਂ ਬਲਾਕ ਦੀ 50 ਪੰਚਾਇਤਾਂ, ਡੇਰਾ ਬਾਬਾ ਨਾਨਕ ਬਲਾਕ ਦੀਆਂ 50 ਪੰਚਾਇਤਾਂ ਅਤੇ ਧਾਰੀਵਾਲ ਬਲਾਕ ਦੀਆਂ 50 ਪੰਚਾਇਤਾਂ ਵੱਲੋਂ ਨਸ਼ਿਆਂ ਵਿਰੁੱਧ ਮਤੇ ਪਾਏ ਗਏ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਜ਼ਿਲ੍ਹੇ ਦੀਆਂ 636 ਪੰਚਾਇਤਾਂ ਵੱਲੋਂ ਜੋ ਆਪਣੇ ਪਿੰਡਾਂ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰਨ ਦਾ ਸੰਕਲਪ ਕੀਤਾ ਗਿਆ ਹੈ ਉਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਨੌਜਵਾਨ ਨਸ਼ੇ ਦੀ ਦਲ-ਦਲ ਵਿੱਚ ਫਸੇ ਚੁੱਕੇ ਹਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਇਲਾਜ ਕਰਵਾ ਕੇ ਪੁਨਰਵਾਸ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿੱਤਾਮੁੱਖੀ ਸਿਖਲਾਈ ਦਿੱਤੀ ਜਾਵੇਗੀ ਤਾਂ ਜੋ ਉਹ ਆਪਣਾ ਬੇਹਤਰ ਭਵਿੱਖ ਬਣਾ ਸਕਣ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਨਸ਼ਿਆਂ ਵਿਰੁੱਧ ਮਤੇ ਪਾਉਣ ਵਾਲੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਨਵੇਂ ਸਾਲ ਮੌਕੇ ਇੱਕ ਬਹੁਤ ਵਧੀਆ ਸੰਕਲਪ ਕੀਤਾ ਹੈ ਅਤੇ ਅਜਿਹੇ ਯਤਨਾ ਸਦਕਾ ਅਸੀਂ ਸਾਰੇ ਮਿਲ ਕੇ ਆਪਣੇ ਜ਼ਿਲ੍ਹੇ ਅਤੇ ਸੂਬਾ ਪੰਜਾਬ ਨੂੰ ਨਸ਼ਿਆਂ ਦੀ ਬੁਰਾਈ ਤੋਂ ਮੁਕਤ ਕਰ ਸਕਾਂਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਇਹ ਯਤਨ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਅਹਿਮ ਸਹਾਈ ਹੋਣਗੇ। ਉਨ੍ਹਾਂ ਜ਼ਿਲ੍ਹੇ ਦੀਆਂ ਬਾਕੀ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਨਵੇਂ ਸਾਲ ਮੌਕੇ ਆਪਣੇ ਪਿੰਡਾਂ ਵਿਚੋਂ ਨਸ਼ਿਾਆਂ ਦੇ ਮੁਕੰਮਲ ਖਤਾਮੇ ਦਾ ਸੰਕਲਪ ਕਰਨ।