- ਕੈਂਪਾਂ ਦੌਰਾਨ ਲੋਕਾਂ ਨੂੰ 44 ਤੋਂ ਵੱਧ ਪ੍ਰਸ਼ਾਸਨਿਕ ਸੇਵਾਵਾਂ ਮੌਕੇ ਤੇ ਮੁਹੱਈਆ ਕਰਵਾਈਆਂ ਜਾਣਗੀਆਂ-ਡਿਪਟੀ ਕਮਿਸ਼ਨਰ
- 07 ਫਰਵਰੀ ਨੂੰ ਜ਼ਿਲ੍ਹੇ ਦੀਆਂ ਚਾਰ ਸਬ-ਡਵੀਜ਼ਨਾਂ ਦੇ 17 ਵੱਖ-ਵੱਖ ਪਿੰਡਾਂ ਲੱਗਣਗੇ ਵਿਸ਼ੇਸ਼ ਕੈਂਪ
ਤਰਨ ਤਾਰਨ, 06 ਫਰਵਰੀ : ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ “ਆਪ ਦੀ ਸਰਕਾਰ, ਆਪ ਦੇ ਦੁਆਰ” ਮੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਇਸ ਮੁਹਿੰਮ ਤਹਿਤ ਲੋਕਾਂ ਨੰੁ ਪ੍ਰਸ਼ਾਸਨਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਅੱਜ ਸਬ ਡਵੀਜ਼ਨ ਤਰਨ ਤਾਰਨ ਵਿੱਚ ਪਿੰਡ ਖੈਰਦੀਨਕੇ, ਕਰਮੂਵਾਲਾ, ਕਿਸ਼ਨਗੜ੍ਹ ਅਤੇ ਅਲਾਵਲਪੁਰ ਵਿਖੇ ਵਿਸ਼ੇਸ ਕੈਂਪ ਲਗਾਏ ਗਏ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਅਤੇ ਐੱਸ. ਡੀ. ਐੱਮ. ਸ੍ਰੀ ਸਿਮਰਨਦੀਪ ਸਿੰਘ ਨੇੇ ਕੈਂਪਾਂ ਦਾ ਨਿਰੀਖਣ ਕੀਤਾ ਅਤੇ ਮੌਕੇ ‘ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ । ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼, ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਨਜ਼ਦੀਕ ਹੀ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ।ਉਹਨਾਂ ਨੇ ਕਿਹਾ ਕਿ ਇਸ ਲਈ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ 44 ਤੋਂ ਵੱਧ ਤਰ੍ਹਾਂ ਦੀਆਂ ਸੇਵਾਵਾਂ ਇਹਨਾਂ ਕੈਂਪਾਂ ਵਿੱਚ ਮੌਕੇ ‘ਤੇ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਜਿੱਥੇ ਸੇਵਾਵਾਂ ਲਈ ਆਨਲਾਈਨ ਅਪਲਾਈ ਕੀਤਾ ਜਾਂਦਾ ਹੈ, ਉੱਥੇ ਲੋਕ ਆਪਣੀਆਂ ਸ਼ਿਕਾਇਤਾਂ ਵੀ ਆੱਨਲਾਈਨ ਪੋਰਟਲ ‘ਤੇ ਦਰਜ ਕਰਵਾ ਸਕਦੇ ਹਨ।ਉਹਨਾਂ ਕਿਹਾ ਕਿ ਇਹਨਾਂ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕੀਤਾ ਜਾਵੇਗਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 07 ਫਰਵਰੀ ਨੂੰ ਜ਼ਿਲ੍ਹੇ ਦੀਆਂ ਚਾਰ ਸਬ-ਡਵੀਜ਼ਨਾਂ ਦੇ 17 ਵੱਖ-ਵੱਖ ਪਿੰਡਾਂ ਤਖਤੂ ਚੱਕ, ਕੋਟ ਮੁਹੰਮਦ ਖਾਂ, ਬੱਠੇ ਭੈਣੀ, ਆਸਲ, ਰਾਏਪੁਰ ਬਲੀਮ, ਨਦੋਹਰ, ਡਾਲੀਰੀ, ਨਾਰਲਾ, ਸਿੱਧਵਾਂ, ਪੰਡੋਰੀ ਸਿੱਧਵਾਂ, ਪੰਡੋਰੀ ਰਣ ਸਿੰਘ, ਧੁੰਨ ਢਾਏ ਵਾਲਾ, ਦੀਨੇਵਾਲ, ਮੁੰਡਾ, ਦਿਓ, ਉਸਮਾਂ ਅਤੇ ਪੱਖੋਕੇ ਵਿਖੇ ਵਿਸ਼ੇਸ਼ ਕੈਂਪ ਲੱਗ ਰਹੇ ਹਨ। ਉਹਨਾਂ ਲੋਕਾਂ ਨੂੰ ਇਹਨਾਂ ਕੈਂਪਾਂ ਵਿੱਚ ਪਹੁੰਚ ਕੇ ਵੱਧ ਤੋਂ ਵੱਧ ਲਾਭ ਲੈਣ ਦਾ ਹਾਰਦਿਕ ਸੱਦਾ ਦਿੱਤਾ।