ਕਲਾਨੌਰ, 03 ਨਵੰਬਰ 2024 : ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਗੁਰਦੀਪ ਸਿੰਘ ਰੰਧਾਵਾ, ਅਮਨ ਸ਼ੇਰ ਸਿੰਘ ਸੈਰੀ ਕਲਸੀ ਵੀ ਹਾਜ਼ਰ ਸਨ। ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਜੋ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਗਏ ਸਨ, ਉਹ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ 45 ਹਜ਼ਾਰ ਨੌਜਵਾਨਾਂ ਨੂੰ ਯੋਗਤਾ ਦੇ ਅਧਾਰ ਤੇ ਬਿਨਾਂ ਕਿਸੇ ਸਿਫਾਰਸ ਦੇ ਨੌਕਰੀਆਂ ਦਿੱਤੀਆਂ ਹਨ। ਇਸ ਤੋਂ ਇਲਾਵਾ ਪ੍ਰਤੀ ਮਹੀਨਾ 300 ਬਿਜਲੀ ਯੂਨਿਟ ਸਹੂਲਤ ਮੁਹੱਈਆ ਕਰਵਾਈ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ 'ਤੇ ਵਰ੍ਹਦਿਆਂ ਹੋਇਆਂ ਕਿਹਾ ਕਿ ਲੋਕ ਨਿਰਮਾਣ ਮੰਤਰੀ ਰਹੇ ਬਾਜਵਾ ਦੇ ਕਾਰਜਕਾਲ ਦੌਰਾਨ ਵੱਧ ਤੋਂ ਵੱਧ ਟੋਲ ਪਲਾਜ਼ੇ ਖੋਲ੍ਹੇ ਗਏ ਸਨ, ਜਦ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 16 ਟੋਲ ਪਲਾਜ਼ੇ ਬੰਦ ਕਰਵਾਏ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਪਾਰਟੀਆਂ ਨੇ ਵਾਰੋ ਵਾਰੀ ਲੁੱਟਿਆ ਹੈ ਅਤੇ ਹੁਣ ਜ਼ਮਾਨਾ ਬਦਲ ਚੁੱਕਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਮਰਜ਼ੀ ਨਾਲ ਹੀ ਫੈਸਲਾ ਕਰਦੀ ਹੈ। ਉਹਨਾਂ ਕਿਹਾ ਕਿ ਜਨਤਾ ਨੇ ਹਰਾ ਪਿੰਨ ਪਹਿਲਿਆਂ ਤੋਂ ਖੋਹ ਕੇ ਉਹਨਾਂ ਨੂੰ ਦਿੱਤਾ ਹੈ ਅਤੇ ਜੇ ਮੈਂ ਵੀ ਲੋਕਾਂ ਦੇ ਹੱਕ ਵਿੱਚ ਹਰਾ ਪਿੰਨ ਨਹੀਂ ਚਲਾਵਾਂਗਾ ਤਾਂ ਉਸ ਤੋਂ ਖੋਹ ਕੇ ਹੋਰ ਨੂੰ ਵੀ ਦਿੱਤਾ ਜਾ ਸਕਦਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਜਿੰਦਰ ਸਿੰਘ ਰੰਧਾਵਾ 'ਤੇ ਹਮਲਾ ਕਰਦਿਆਂ ਹੋਇਆਂ ਕਿਹਾ ਕਿ ਉਹ ਉਸ ਨੂੰ ਵੀ ਪੱਕੇ ਪੈਰੀਂ ਲੈਣਗੇ। ਉਸ ਨੇ ਬੜੀ ਹੁਸ਼ਿਆਰੀ ਨਾਲ ਕੰਮ ਕੀਤੇ ਹਨ। ਇਸ ਮੌਕੇ ਮੁੱਖ ਮੰਤਰੀ ਨੇ ਅਬਲ ਖੁਰਾਣੇ, ਅੰਮ੍ਰਿਤਸਰ ਗੇਟ ਨੇੜੇ ਪਲਾਟਾਂ ਤੋਂ ਇਲਾਵਾ ਕਲਾਨੌਰ ਦੀ ਫਾਈਲ ਦਾ ਵੀ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਜਿੰਨਾ ਮਰਜ਼ੀ ਲੁੱਟ ਲਵੋ ਸਾਰਿਆਂ ਨੇ ਜਾਣਾ ਖਾਲੀ ਹੱਥ , ਹੀਰੇ, ਮੋਤੀ, ਸੋਨਾ ਭਾਵੇਂ ਜਿੰਨਾ ਮਰਜ਼ੀ ਇਕੱਠਾ ਕਰ ਲਵੋ ਕੱਫਣ ਨੂੰ ਜੇਬ ਨਹੀਂ ਹੁੰਦੀ ਇਥੋਂ ਤਾਂ ਸਿਕੰਦਰ ਵਰਗੇ ਰਾਜੇ ਵੀ ਖਾਲੀ ਹੱਥ ਗਏ ਸਨ। ਉਹਨਾਂ ਕਿਹਾ ਕਿ ਹਲਕਾ ਡੇਰਾ ਬਾਬਾ ਨਾਨਕ ਦੇ ਲੋਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੂੰ ਜਿਤਾਉਣ ਦਾ ਹੀ ਪਹਿਲਾ ਬਟਨ ਦਬਾ ਕੇ ਇੱਕ ਨੰਬਰ 'ਤੇ ਲਿਆ ਦਿਓ।