- ਖੇਤਾਂ ਵਿਚ ਪਹੁੰਚ ਕੇ ਅਧਿਕਾਰੀ ਕਰ ਰਹੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਾਰੇ ਜਾਗਰੂਕ
ਬਟਾਲਾ, 3 ਨਵੰਬਰ 2024 : ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪਰਾਲੀ ਦੇ ਨਿਪਟਾਰੇ ਵਿਚ ਸਹਿਕਾਰੀ ਸਭਾਵਾਂ ਵਲੋਂ ਕਿਸਾਨਾਂ ਨੂੰ ਨਵੀਨਤਮ ਮਸ਼ੀਨਰੀ ਦੇ ਕੇ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ। ਡਿਪਟੀ ਰਜਿਸਟਰਾਰ, ਜਸਪਰਜੀਤ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਦੇ ਖੇਤਾਂ ਵਿਚ ਜਾ ਕੇ ਜਿੱਥੇ ਉਨ੍ਹਾਂ ਨੂੰ ਪਰਾਲੀ ਦੇ ਯੋਗ ਨਿਪਟਾਰੇ ਬਾਰੇ ਦੱਸਿਆ ਜਾ ਰਿਹਾ ਹੈ ਉੱਥੇ ਹੀ ਕਿਸਾਨਾਂ ਨੂੰ ਖੇਤੀ ਸੰਦ ਸੁਸਾਇਟੀਆਂ ਕੋਲੋਂ ਲੈਣ ਵਿਚ ਕਿਸੇ ਕਿਸਮ ਦੀ ਦਿੱਕਤ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ ਅਧਿਕਾਰੀ ਖੁਦ ਖੇਤਾਂ ਵਿੱਚ ਜਾ ਕੇ ਨਾੜ ਨੂੰ ਲੱਗੀ ਅੱਗ ਬੁਝਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੋਆਪਰੇਟਿਵ ਇੰਸਪੈਕਟਰ ਰੋਹਿਤ ਅਤੇ ਸਮੇਤ ਟੀਮ ਵੱਲੋਂ ਕੀਤੀ ਜਾ ਰਹੀ ਰੈਗੂਲਰ ਗਸ਼ਤ ਦੌਰਾਨ ਪਿੰਡ ਸਾਗਰਪੁਰਾ ਬਲਾਕ ਬਟਾਲਾ ਵਿਖੇ ਕਿਸਾਨ ਵੱਲੋਂ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਗਈ ਸੀ । ਉਨ੍ਹਾਂ ਵਲੋਂ ਮੌਕੇ 'ਤੇ ਲੱਗੀ ਅੱਗ ਨੂੰ ਬੁਝਾ ਦਿੱਤਾ ਗਿਆ ਅਤੇ ਕਿਸਾਨ ਨੂੰ ਤਾੜਨਾ ਕੀਤੀ ਕਿ ਉਹ ਅੱਗੇ ਤੋਂ ਆਪਣੀ ਖੇਤਾਂ ਵਿੱਚ ਅੱਗ ਨਾ ਲਗਾਵੇ। ਉਨ੍ਹਾਂ ਅੱਗੇ ਦੱਸਿਆ ਕਿ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਤੇ ਜ਼ਮੀਨ ਵਿਚ ਹੀ ਨਿਪਟਾਰੇ ਲਈ ਜਿਲ੍ਹੇ ਦੀਆਂ ਵੱਖ ਵੱਖ ਸਹਿਕਾਰੀ ਸੁਸਾਇਟੀਆਂ ਵਲੋਂ ਨਵੀਨਤਮ ਖੇਤੀ ਮਸ਼ੀਨਰੀ ਮਲਚਰ, ਰੇਟਾਵੇਟਰ, ਪਲਾਅ ਆਦਿ ਦਿੱਤੇ ਜਾ ਰਹੇ ਹਨ ਤਾਂ ਜੋ ਕਿਸਾਨ ਖੇਤੀ ਸੰਦਾਂ ਦੀ ਘਾਟ ਕਾਰਨ ਪਰਾਲੀ ਨੂੰ ਅੱਗ ਲਾਉਣ ਲਈ ਮਜ਼ਬੂਰ ਨਾ ਹੋਵੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਖੇਤੀ ਸੰਦਾਂ ਦੀ ਸਹੂਲਤ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਹੈਲਪਲਾਇਨ 1800-180-1852 ਵੀ ਜਾਰੀ ਕੀਤੀ ਗਈ ਹੈ ਤਾਂ ਜੋ ਕਿਸਾਨ ਸਿੱਧਾ ਸੰਪਰਕ ਕਰਕੇ ਲੋੜੀਂਦੀ ਜਾਣਕਾਰੀ ਲੈ ਸਕਣ।