ਡੇਰਾ ਬਾਬਾ ਨਾਨਕ, 18 ਜਨਵਰੀ : ਡੇਰਾ ਬਾਬਾ ਨਾਨਕ ਪੁਲਿਸ ਨੇ ਪਿੰਡ ਬੋਹੜਵਾਲਾ ਦੇ ਖੇਤਾਂ ਵਿਚੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਇਹ ਹੈਰੋਇਨ ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ ਸੀ। ਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦਸਿਆ ਕਿ ਦੇਰ ਸ਼ਾਮ ਥਾਣਾ ਡੇਰਾ ਬਾਬਾ ਨਾਨਕ ਦੇ ਐਸਐਚਓ ਪੁਲਿਸ ਪਾਰਟੀ ਨਾਲ ਪਿੰਡ ਭਗਠਾਣਾ ਬੋਹੜਵਾਲਾ ਵਿੱਚ ਗਸ਼ਤ ਕਰ ਰਹੇ ਸਨ। ਇਹ ਪਿੰਡ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 2 ਕਿਲੋਮੀਟਰ ਦੂਰ ਹੈ। ਇਸ ਦੌਰਾਨ ਜਦੋਂ ਉਨ੍ਹਾਂ ਦੀ ਨਜ਼ਰ ਸੜਕ ਦੇ ਨਾਲ ਲੱਗਦੇ ਖੇਤਾਂ 'ਤੇ ਪਈ ਤਾਂ ਪੁਲਿਸ ਨੇ ਪੀਲੀ ਟੇਪ ਨਾਲ ਲਪੇਟੇ ਦੋ ਪੈਕਟ ਦੇਖੇ। ਪੁਲਿਸ ਨੇ ਜਦੋਂ ਲਿਫਾਫਿਆਂ ਦੀ ਜਾਂਚ ਕੀਤੀ ਤਾਂ ਦੋਵੇਂ ਲਿਫਾਫੇ ਅੱਧਾ-ਅੱਧਾ ਕਿਲੋ ਹੈਰੋਇਨ ਨਾਲ ਭਰੇ ਹੋਏ ਸਨ, ਜਿਸ ਦਾ ਕੁੱਲ ਵਜ਼ਨ ਇਕ ਕਿਲੋ ਸੀ। ਪੁਲਿਸ ਨੇ ਦੋਵੇਂ ਪੈਕਟ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਐਸਪੀ ਗੁਰਪ੍ਰੀਤ ਸਿੰਘ ਨੇ ਦਸਿਆ ਕਿ ਇਹ ਪੈਕਟ ਪਾਕਿਸਤਾਨ ਵਲੋਂ ਡਰੋਨ ਦੀ ਮਦਦ ਨਾਲ ਇਨ੍ਹਾਂ ਖੇਤਾਂ ਵਿੱਚ ਸੁੱਟੇ ਗਏ ਸਨ, ਜਿਨ੍ਹਾਂ ਖ਼ਿਲਾਫ਼ ਥਾਣਾ ਡੇਰਾ ਬਾਬਾ ਨਾਨਕ ਵਿੱਚ ਐਨਡੀਪੀਐਸ ਐਕਟ ਅਤੇ ਏਅਰਕ੍ਰਾਫਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਆਸਪਾਸ ਦੇ ਇਲਾਕਿਆਂ 'ਚ ਵੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।