ਅੰਮ੍ਰਿਤਸਰ,4 ਜੂਨ : ਅੰਮ੍ਰਿਤਸਰ 'ਚ ਦੇਰ ਰਾਤ ਨਿਹੰਗਾਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ। ਮਾਮਲਾ ਵਧਦਾ ਦੇਖ ਜਦੋਂ ਵਾਧੂ ਪੁਲੀਸ ਫੋਰਸ ਮੌਕੇ ’ਤੇ ਪੁੱਜੀ ਤਾਂ ਨਿਹੰਗ ਵਾਹਨਾਂ ’ਚ ਬੈਠ ਕੇ ਫ਼ਰਾਰ ਹੋ ਗਏ। ਪੁਲਿਸ ਨੇ ਨਿਹੰਗ ਪੰਡੋਰੀ ਵੜੈਚ ਵਾਸੀ ਤੇਜਵੀਰ ਸਿੰਘ ਦੀ ਪਹਿਚਾਣ ਕਰਕੇ 20 ਦੇ ਕਰੀਬ ਅਣਪਛਾਤੇ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਘਟਨਾ ਸੁਲਤਾਨਵਿੰਡ ਰੋਡ ਦੀ ਹੈ। ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਅੰਮ੍ਰਿਤਸਰ ਵਿੱਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਪੁਲੀਸ ਵੱਲੋਂ ਰਾਤ ਸਮੇਂ ਸੁਲਤਾਨਵਿੰਡ ਇਲਾਕੇ ਵਿੱਚ ਚੈਕਿੰਗ ਕੀਤੀ ਜਾ ਰਹੀ ਸੀ। ਉਦੋਂ ਹੀ ਮੁਲਜ਼ਮ ਤੇਜਬੀਰ ਸਿੰਘ ਨਿਹੰਗ ਬਾਣੇ ਵਿੱਚ ਉਥੇ ਪਹੁੰਚ ਗਿਆ। 3-4 ਗੱਡੀਆਂ ਵਿੱਚ ਦੋ ਦਰਜਨ ਦੇ ਕਰੀਬ ਨਿਹੰਗ ਵੀ ਉਨ੍ਹਾਂ ਦੇ ਨਾਲ ਸਨ।ਪੁਲਸ ਨੇ ਜਿਵੇਂ ਹੀ ਰੋਕਿਆ ਤਾਂ ਮੁਲਜ਼ਮ ਅਤੇ ਹੋਰ ਨਿਹੰਗਾਂ ਨੇ ਪੁਲਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਪੁਲੀਸ ਨੇ ਬੈਕਅੱਪ ਟੀਮ ਨੂੰ ਉਥੇ ਬੁਲਾ ਲਿਆ। ਜਿਵੇਂ ਹੀ ਪੁਲਿਸ ਟੀਮਾਂ ਪਹੁੰਚੀਆਂ ਤਾਂ ਨਿਹੰਗ ਵਾਹਨਾਂ 'ਚ ਸਵਾਰ ਹੋ ਕੇ ਭੱਜ ਗਏ ਪਰ ਪੁਲਿਸ ਨੇ ਉਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।