- ਆਪ ਸਰਕਾਰ ਦੇ ਆਉਣ ਨਾਲ ਨਗਰ ਸੁਧਾਰ ਟਰੱਸਟ ਦੀ ਆਮਦਨ ਵਿੱਚ ਰਿਕਾਰਡ ਵਾਧਾ ਹੋਇਆ : ਰਮਨ ਬਹਿਲ
- ਪਹਿਲੀਆਂ ਸਰਕਾਰਾਂ ਦੇ ਆਗੂਆਂ ਨੇ ਸਿਰਫ਼ ਆਪਣੇ ਨਿੱਜੀ ਹਿਤਾਂ ਨੂੰ ਪਹਿਲ ਦਿੱਤੀ : ਬਹਿਲ
- ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਉੱਪਰ ਹੀ ਖ਼ਰਚ ਕੀਤਾ ਜਾ ਰਿਹਾ - ਚੇਅਰਮੈਨ ਰਜੀਵ ਸ਼ਰਮਾ
ਗੁਰਦਾਸਪੁਰ, 7 ਫਰਵਰੀ : ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਅਤੇ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਵੱਲੋਂ ਅੱਜ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 (ਤਿੱਬੜੀ ਰੋੜ) ਵਿਖੇ 5.60 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਨ੍ਹਾਂ ਵਿਕਾਸ ਕਾਰਜਾਂ ਦੇ ਸ਼ੁਰੂ ਹੋਣ ਨਾਲ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 7 ਦੀ ਨੁਹਾਰ ਬਦਲ ਜਾਵੇਗੀ ਤੇ ਸ਼ਹਿਰ ਵਾਸੀਆਂ ਨੇ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਨ ਲਈ ਚੇਅਰਮੈਨ ਰਮਨ ਬਹਿਲ, ਰਜੀਵ ਸ਼ਰਮਾ ਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਇਨ੍ਹਾਂ ਵਿਕਾਸ ਕਾਰਜਾਂ ਦਾ ਬਿਉਰਾ ਸਾਂਝਾ ਕਰਦਿਆਂ ਦੱਸਿਆ ਕਿ ਨਗਰ ਸੁਧਾਰ ਟਰੱਸਟ ਵੱਲੋਂ ਆਪਣੀ ਸਕੀਮ ਨੰਬਰ 7 ਵਿੱਚ ਇਨ੍ਹਾਂ ਵਿਕਾਸ ਕਾਰਜਾਂ ਵਿੱਚ 47 ਲੱਖ ਰੁਪਏ ਦੀ ਲਾਗਤ ਨਾਲ ਬੂਥ ਅਤੇ ਦੁਕਾਨਾਂ ਦੇ ਬਾਹਰਵਾਰ ਪਾਰਕਿੰਗ ਦੀ ਉਸਾਰੀ, 39.52 ਲੱਖ ਰੁਪਏ ਦੀ ਲਾਗਤ ਨਾਲ ਪਲਾਟ ਨੰਬਰ 63 ਤੋਂ ਸੀਵਰੇਜ ਟਰੀਟਮੈਂਟ ਪਲਾਂਟ ਤੱਕ ਦੀਵਾਰ ਦੀ ਉਸਾਰੀ, 51 ਲੱਖ ਰੁਪਏ ਦੀ ਲਾਗਤ ਨਾਲ ਵਾਟਰ ਸਪਲਾਈ ਤੇ ਸੀਵਰੇਜ ਲਾਈਨਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 24 ਲੱਖ ਰੁਪਏ ਖ਼ਰਚ ਕਰਕੇ ਨਵੀਆਂ ਸਟਰੀਟ ਲਾਈਟਾਂ ਲਗਾਉਣ ਦੇ ਨਾਲ ਖ਼ਰਾਬ ਲਾਈਟਾਂ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 89 ਲੱਖ ਰੁਪਏ ਪਾਰਕਾਂ ਦੇ ਸੁੰਦਰੀਕਰਨ, 45 ਲੱਖ ਰੁਪਏ ਐੱਸ.ਸੀ.ਐੱਫ. ਨੰਬਰ 1 ਤੋਂ 15 ਦੀ ਪਾਰਕਿੰਗ, 49 ਲੱਖ ਰੁਪਏ ਐੱਸ.ਸੀ.ਐੱਫ. ਨੰਬਰ 16 ਤੋਂ 40 ਦੀ ਪਾਰਕਿੰਗ ਬਣਾਉਣ 'ਤੇ ਖ਼ਰਚ ਕੀਤੇ ਜਾਣਗੇ। ਸ੍ਰੀ ਬਹਿਲ ਨੇ ਦੱਸਿਆ ਕਿ 48.50 ਲੱਖ ਰੁਪਏ ਫੁੱਟਪਾਥ ਬਣਾਉਣ ਉੱਪਰ ਖ਼ਰਚ ਕਰਨ ਤੋਂ ਇਲਾਵਾ 15 ਲੱਖ ਰੁਪਏ ਸੜਕਾਂ ਉੱਪਰ ਬਰੇਕਰ ਬਣਾਉਣ ਲਈ ਖ਼ਰਚੇ ਜਾਣਗੇ। ਉਨ੍ਹਾਂ ਦੱਸਿਆ ਕਿ 70 ਲੱਖ ਰੁਪਏ ਸੜਕਾਂ ਬਣਾਉਣ, 25 ਲੱਖ ਰੁਪਏ ਗੇਟ ਦੀ ਉਸਾਰੀ ਅਤੇ 40 ਲੱਖ ਰੁਪਏ ਇੰਟਰਲਾਕ ਟਾਈਲਾਂ ਲਗਾਉਣ ਉੱਪਰ ਖ਼ਰਚੇ ਜਾਣਗੇ। ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੋਂ ਬਾਅਦ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਆਮਦਨ ਵਿੱਚ ਰਿਕਾਰਡ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲੇ ਜਿਹੜੀ ਆਮਦਨ 20 ਕਰੋੜ ਹੀ ਹੁੰਦੀ ਸੀ ਉਸਨੂੰ 80 ਕਰੋੜ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਟਰੱਸਟ ਦੀਆਂ ਜਾਇਦਾਦਾਂ ਵੇਚਣ ਲਈ ਜੋ ਬੋਲੀ ਕਰਵਾਈ ਗਈ ਸੀ ਉਹ ਪੂਰੀ ਤਰ੍ਹਾਂ ਪਾਰਦਰਸ਼ੀ ਸੀ ਅਤੇ ਇਹੀ ਕਾਰਨ ਸੀ ਕਿ ਹਰ ਕਿਸੇ ਨੂੰ ਬੋਲੀ ਦੇਣ ਦਾ ਪੂਰਾ ਮੌਕਾ ਮਿਲਿਆ ਜਿਸ ਨਾਲ ਟਰੱਸਟ ਦੀ ਆਮਦਨ ਵਿੱਚ ਰਿਕਾਰਡ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਦੇ ਆਗੂ ਸਿਰਫ਼ ਆਪਣੇ ਨਿੱਜੀ ਹਿਤ ਉੱਪਰ ਰੱਖਦੇ ਸਨ ਜਿਸ ਨਾਲ ਟਰੱਸਟ ਘਾਟੇ ਵਿੱਚ ਚਲੀ ਗਈ ਸੀ। ਉਨ੍ਹਾਂ ਕਿਹਾ ਕਿ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੀ ਜੋ ਆਮਦਨ ਵਧੀ ਹੈ ਉਹ ਸਾਰਾ ਪੈਸਾ ਹੁਣ ਟਰੱਸਟ ਦੀਆਂ ਸਕੀਮਾਂ ਉੱਪਰ ਹੀ ਖ਼ਰਚਿਆ ਜਾਵੇਗਾ। ਉਨ੍ਹਾਂ ਇਸ ਕਾਮਯਾਬੀ ਲਈ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਜੀਵ ਸ਼ਰਮਾ ਨੂੰ ਵਧਾਈ ਵੀ ਦਿੱਤੀ। ਇਸ ਦੌਰਾਨ ਨਗਰ ਸੁਧਾਰ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਸ੍ਰੀ ਰਾਜੀਵ ਸ਼ਰਮਾ ਨੇ ਕਿਹਾ ਕਿ ਟਰੱਸਟ ਵੱਲੋਂ ਇਹ ਜੋ 5.60 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਉਹ ਤਹਿ ਸਮੇਂ ਅੰਦਰ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸਰਕਾਰ ਵੱਲੋਂ ਲੋਕਾਂ ਦਾ ਪੈਸਾ ਲੋਕਾਂ ਦੀ ਭਲਾਈ ਉੱਪਰ ਹੀ ਖ਼ਰਚ ਕੀਤਾ ਜਾ ਰਿਹਾ ਹੈ।