- ਪੰਜਾਬ ਸਰਕਾਰ ਨੇ ਕੱਟੇ ਗਏ ਰਾਸ਼ਨ ਕਾਰਡ ਕੀਤੇ ਬਹਾਲ:- ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ
- ਸਰਨਾ ਵਿਖੇ ਜਲਦ ਕਰਵਾਇਆ ਜਾਵੇਗਾ ਪਾਰਕ ਦਾ ਨਿਰਮਾਣ
ਪਠਾਨਕੋਟ, 07 ਫਰਵਰੀ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਵੱਧ ਤੋਂ ਵੱਧ ਸੁਵਿਧਾਵਾਂ ਦੇਣ ਲਈ ਵਚਨਬੱਧ ਹੈ ਅਤੇ ਇਹ ਸੁਵਿਧਾਵਾਂ ਲੋਕਾਂ ਨੂੰ ਉਨ੍ਹਾਂ ਦੇ ਪਿੰਡਾ–ਮੁੱਹਲਿਆਂ ਵਿੱਚ ਦਿੱਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਘੱਟ ਸਕੇ। ਜਿਸ ਲਈ ਪੰਜਾਬ ਸਰਕਾਰ ਵੱਖ-ਵੱਖ ਪਿੰਡਾਂ ਅਤੇ ਵਾਰਡਾਂ ਵਿੱਚ ਲੋਕ ਸੁਵਿਧਾ ਕੈਂਪ ਲਗਾ ਕੇ ਇੰਨ੍ਹਾਂ ਕੈਂਪਾਂ ਦਾ ਲਾਭ ਲੋਕਾਂ ਨੂੰ ਸਿੱਧੇ ਰੂਪ ਵਿੱਚ ਦਿੱਤਾ ਜਾ ਰਿਹਾ ਹੈ। ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂਚੱਕ ਵਣ ਵਿਭਾਗ ਜੰਗਲੀ ਜੀਵ ਸੁਰੱਖਿਆ, ਸਿਵਲ ਸਪਲਾਈ ਤੇ ਖੁਰਾਕ ਮੰਤਰੀ ਪੰਜਾਬ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਿੰਡਾਂ ਵਿੱਚ ਲਗਾਏ ਕੈਂਪਾਂ ਦੌਰਾਨ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ‘ਤੇ ਚੇਅਰਮੈਨ ਮਾਰਕੀਟ ਕਮੇਟੀ ਵਿਕਾਸ ਸੈਣੀ, ਜੁਆਇੰਟ ਕਮਿਸ਼ਨਰ ਸੁਰਜੀਤ ਸਿੰਘ, ਨਾਇਬ ਤਹਿਸੀਲਦਾਰ ਰਾਜ ਕੁਮਾਰ, ਬੀਡੀਪੀਓ ਸੁਜਾਨਪੁਰ ਜਸਬੀਰ ਕੌਰ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਬਲਾਕ ਪ੍ਰਧਾਨ ਰਜਿੰਦਰ ਸਿੰਘ ਭਿੱਲਾ, ਠਾਕੁਰ ਭੁਪਿੰਦਰ ਸਿੰਘ, ਬਲਾਕ ਪ੍ਰਧਾਨ ਸੋਹਨ ਲਾਲ, ਬਲਾਕ ਪ੍ਰਧਾਨ ਬਲਜਿੰਦਰ ਕੌਰ, ਜ਼ਿਲ੍ਹਾ ਕੋਆਡੀਨੇਟਰ ਨਰੇਗਾ ਨਿੱਧੀ ਮਹਿਤਾ, ਬਲਬੀਰ ਸਿੰਘ, ਕੁਲਦੀਪ ਸਿੰਘ, ਸਤਵਿੰਦਰ ਸੈਣੀ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ। ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ਼੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਜਨ ਭਲਾਈ ਦੇ ਕਾਰਜਾਂ ਨੂੰ ਲੈ ਕੇ ਸਰਕਾਰ ਨਿਰੰਤਰ ਕਾਰਜ ਕਰ ਰਹੀ ਹੈ। ਜਿਸ ਅਧੀਨ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਕੱਟੇ ਗਏ ਰਾਸ਼ਨ ਕਾਰਡਾਂ ਨੂੰ ਬਹਾਲ ਕੀਤਾ ਗਿਆ ਹੈ। ਜਿਸ ਦਾ ਲਾਭ 10 ਲੱਖ 77 ਹਜ਼ਾਰ ਤੋਂ ਵੱਧ ਲੋਕਾਂ ਨੂੰ ਹੋਵੇਗਾ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋਂ ਰਿਹਾਇਸ਼ੀ ਰਜਿਸਟਰੀਆਂ ਵਿੱਚ Noc ਦੀ ਸ਼ਰਤ ਨੂੰ ਖਤਮ ਕਰਕੇ ਲੋਕਾਂ ਨੂੰ ਲਾਭ ਪਹੁੰਚਾਇਆ ਗਿਆ ਹੈ ਅਤੇ ਇਸ ਨਾਲ ਪੰਜਾਬ ਸਰਕਾਰ ਦੇ ਰੈਵੀਨਿਊ ਵਿੱਚ ਵੀ ਵਾਧਾ ਹੋਵੇਗਾ। ਕੈਬਨਿਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸਰਨਾ ਵਿਖੇ ਲਗਾਏ ਗਏ ਇੱਕ ਵੱਡੇ ਟਿਊਬਵੈਲ ਦਾ ਉਦਘਾਟਨ ਜਲਦੀ ਹੀ ਕਰਕੇ ਲੋਕਾਂ ਨੂੰ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਸਰਨਾ ਵਿਖੇ ਪਾਰਕ ਦਾ ਨਿਰਮਾਣ ਵੀ ਕਰਵਾਇਆ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਮੁਹਿੰਮ "ਆਪ ਦੀ ਸਰਕਾਰ ਆਪ ਦੇ ਦੁਆਰ" ਤਹਿਤ ਸਬ ਡਿਵੀਜਨ ਪਠਾਨਕੋਟ ਦੇ ਪਿੰਡ ਨੋਰੰਗਪੁਰ, ਪਿੰਡ ਸੱਦੋਵਾਲ, ਸਰਕਾਰੀ ਹਾਈ ਸਕੂਲ ਸਰਨਾ ਅਤੇ ਗੁਰੂ ਰਵੀਦਾਸ ਮੰਦਿਰ ਬਹਾਦਰ ਲਾਹੜੀ ਵਿਖੇ ਲਗਾਏ ਗਏ ਲੋਕ ਸੁਵਿਧਾ ਕੈਂਪ ਦਾ ਦੌਰਾ ਉਨ੍ਹਾਂ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘‘ਆਪ ਦੀ ਸਰਕਾਰ ਆਪ ਦੇ ਦੁਆਰ’’ ਮੁਹਿੰਮ ਦਾ ਬਹੁਤ ਵਧੀਆ ਫੀਡਬੈਕ ਮਿਲ ਰਹੀ ਹੈ। ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਕੈਂਪ ਵਿੱਚ ਲੋਕਾਂ ਨੂੰ 44 ਤਰ੍ਹਾਂ ਦੀਆਂ ਸੇਵਾਵਾਂ ਮਿਲ ਰਹੀਆਂ ਹਨ। ਜਿਸ ਵਿੱਚ ਸੇਵਾ ਕੇਂਦਰ, ਮਾਲ ਵਿਭਾਗ, ਸਿਹਤ ਵਿਭਾਗ, ਨਗਰ ਨਿਗਮ, ਕਿਰਤ ਵਿਭਾਗ, ਬੈਂਕ ਵਿਭਾਗ, ਬਿਜਲੀ ਵਿਭਾਗ, ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤ ਵਿਭਾਗ ਅਤੇ ਹੋਰ ਵੱਖ-ਵੱਖ ਵਿਭਾਗਾਂ ਵੱਲੋਂ ਆਪਣੇ-ਆਪਣੇ ਕਾਊਂਟਰ ਲੱਗਾ ਕੇ ਲੋਕਾਂ ਨੂੰ ਮੌਕੇ ‘ਤੇ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਉਨ੍ਹਾਂ ਨੇ ਇਸ ਮੌਕੇ ‘ਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਮੌਕੇ ‘ਤੇ ਹੱਲ ਵੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਕੈਬਨਿਟ ਮੀਟਿੰਗਾਂ ਚੰਡੀਗੜ੍ਹ ਵਿਖੇ ਹੀ ਕੀਤੀਆਂ ਜਾਂਦੀਆਂ ਸਨ ਪਰ ਜਦੋਂ ਦੀ ਆਪ ਸਰਕਾਰ ਆਈ ਹੈ, ਉਹ ਕੈਬਨਿਟ ਮੀਟਿੰਗ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਕਰ ਰਹੀ ਹੈ। ਜਿਸ ਨਾਲ ਜ਼ਿਲ੍ਹਿਆਂ ਦੇ ਵਿਕਾਸ ਵਿੱਚ ਵਾਧਾ ਹੁੰਦਾ ਹੈ ਅਤੇ ਲੋਕਾਂ ਨੂੰ ਵਧੀਆ ਢੰਗ ਨਾਲ ਸਰਕਾਰੀ ਸੇਵਾਵਾਂ ਦਾ ਲਾਭ ਮਿਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗਾਂ ਦੇ ਮਿਲੇ ਵਧੀਆ ਫੀਡਬੈਂਕ ਨਾਲ ਹੀ ਇਹ ਮੁਹਿੰਮ ਆਪ ਦੀ ਸਰਕਾਰ ਆਪ ਦੇ ਦੁਆਰ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਘਰ-ਘਰ ਵਿੱਚ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਪ੍ਰਾਪਤ ਹੋ ਸਕੇ।