- ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਓਲਡ ਏਜ ਹੋਮ ਵਿਖੇ ਦੀਵਾਲੀ ਸਬੰਧੀ ਕਰਵਾਇਆ ਸਮਾਗਮ
- ਪ੍ਰਵਾਸੀ ਭਾਰਤੀ ਰਾਕੇਸ਼ ਚੋਪੜਾ ਅਤੇ ਸਮ੍ਰਿਧੀ ਥਾਪਰ ਦੇ ਸਹਿਯੋਗ ਨਾਲ ਬਜ਼ੁਰਗਾਂ ਨੂੰ ਤੋਹਫੇ ਭੇਟ ਕੀਤੇ ਗਏ
ਹੁਸ਼ਿਆਰਪੁਰ, 10 ਨਵੰਬਰ : ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਓਲਡ ਏਜ਼ ਹੋਮ ਰਾਮ ਕਲੋਨੀ ਕੈਂਪ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਬਜ਼ੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਪ੍ਰਵਾਸੀ ਭਾਰਤੀ ਰਾਕੇਸ਼ ਚੋਪੜਾ ਵਾਸੀ ਦੇਵ ਨਗਰ ਬਹਾਦਰਪੁਰ ਅਤੇ ਉਨ੍ਹਾਂ ਦੀ ਭੈਣ ਸਮ੍ਰਿਧੀ ਥਾਪਰ ਵੱਲੋਂ ਦੀਵਾਲੀ ਮੌਕੇ ਬਜ਼ੁਰਗਾਂ ਨੂੰ ਤੋਹਫੇ ਭੇਟ ਕੀਤੇ ਗਏ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਰਾਹੁਲ ਚਾਬਾ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸਮੇਂ-ਸਮੇਂ 'ਤੇ ਲੋਕ ਭਲਾਈ ਦੇ ਕੰਮਾਂ ਵਿਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ, ਜਿਸ ਵਿੱਚ ਦਾਨੀ ਸੱਜਣ ਅਹਿਮ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਭਾਰਤੀ ਰਾਕੇਸ਼ ਚੋਪੜਾ ਅਤੇ ਸਮ੍ਰਿਧੀ ਥਾਪਰ ਵੱਲੋਂ ਬਜ਼ੁਰਗਾਂ ਨੂੰ ਸੌਣ ਲਈ ਗੱਦੇ, ਰਜਾਈਆਂ, ਕੰਬਲ, ਕੁਰਸੀਆਂ, ਮੇਜ਼ ਅਤੇ ਹੀਟਿੰਗ ਪੈਡ ਦਿੱਤੇ ਗਏ। ਕੋਮਲ ਮਿੱਤਲ ਨੇ ਆਮ ਲੋਕਾਂ, ਦਾਨੀ ਸੱਜਣਾਂ ਅਤੇ ਸਵੈ-ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਤਾਂ ਜੋ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਮਾਨਵਤਾ ਦੀ ਸੇਵਾ ਵਿਚ ਵੱਡਮੁੱਲਾ ਯੋਗਦਾਨ ਪਾਇਆ ਜਾ ਸਕੇ। ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਉਕਤ ਐਨ.ਆਰ.ਆਈ ਪਰਿਵਾਰ ਵੱਲੋਂ ਜ਼ਿਲ੍ਹੇ ਵਿਚ ਆਏ ਹੜ੍ਹਾਂ ਦੌਰਾਨ ਵੀ ਰਾਹਤ ਸਮੱਗਰੀ ਮੁਹੱਈਆ ਕਰਵਾਈ ਗਈ ਸੀ। ਪ੍ਰਵਾਸੀ ਭਾਰਤੀ ਰਾਕੇਸ਼ ਚੋਪੜਾ ਅਤੇ ਉਨ੍ਹਾਂ ਦੇ ਪਰਿਵਾਰ ਨੇ ਹੋਮ ਵਿਚ ਬਜ਼ੁਰਗਾਂ ਨਾਲ ਦੀਵਾਲੀ ਮਨਾਉਂਦੇ ਹੋਏ ਖੁਸ਼ੀ ਮਹਿਸੂਸ ਕੀਤੀ ਅਤੇ ਭਰੋਸਾ ਦਿਵਾਇਆ ਕਿ ਭਵਿੱਖ ਵਿਚ ਵੀ ਉਹ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਵਿਚ ਸਰਗਰਮ ਯੋਗਦਾਨ ਪਾਉਣਗੇ। ਇਸ ਮੌਕੇ ਰਾਜੇਸ਼ਵਰ ਦਿਆਲ ਬੱਬੀ, ਸੁਪਰਡੈਂਟ ਨਰੇਸ਼ ਕੁਮਾਰ, ਰਾਜੀਵ ਬਜਾਜ, ਕੁਮਕੁਮ ਸੂਦ, ਕਰਮਜੀਤ ਆਹਲੂਵਾਲੀਆ, ਸਨੇਹ ਜੈਨ, ਸਰਬਜੀਤ, ਗੁਰਪ੍ਰੀਤ ਕੌਰ, ਦੀਪਿਕਾ, ਕਰੀਅਰ ਕੌਂਸਲਰ ਅਦਿੱਤਿਆ ਰਾਣਾ, ਵਰਿੰਦਰ ਵੈਦ ਤੋਂ ਇਲਾਵਾ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਟਾਫ਼ ਮੈਂਬਰ ਹਾਜ਼ਰ ਸਨ।