- ਕੈਬਨਿਟ ਮੰਤਰੀ ਮੁੰਡੀਆਂ ਮੰਗਲਵਾਰ ਨੂੰ ਲੁਧਿਆਣਾ ਵਿਖੇ 6306 ਪੰਚਾਇਤ ਮੈਂਬਰਾਂ ਨੂੰ ਅਹੁਦੇ ਦੀ ਸਹੁੰ ਚੁੱਕਾਉਣਗੇ
- ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਦੇ ਪ੍ਰਬੰਧਾਂ ਦੀ ਮੀਟਿੰਗ ਕਰਕੇ ਸਮੀਖਿਆ
ਲੁਧਿਆਣਾ, 18 ਨਵੰਬਰ 2024 : ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ 19 ਨਵੰਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਨਵੇਂ ਚੁਣੇ ਗਏ ਪੰਚਾਇਤ ਮੈਂਬਰਾਂ (ਪੰਚਾਂ) ਦਾ ਸਹੁੰ ਚੁੱਕ ਸਮਾਗਮ ਦੇ ਪ੍ਰਬੰਧਾਂ ਅਤੇ ਤਿਆਰੀਆਂ ਦਾ ਧਨਾਨਸੂ ਵਿਖੇ ਸੋਮਵਾਰ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਜਮਹੂਰੀਅਤ ਦੇ ਜਸ਼ਨ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਪੁਖਤਾ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਪੰਜਾਬ ਦੇ ਮਾਲ ਤੇ ਮੁੜ ਵਸੇਬਾ, ਆਫ਼ਤ ਪ੍ਰਬੰਧਨ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਮੰਗਲਵਾਰ ਨੂੰ ਪਿੰਡ ਧਨਾਨਸੂ ਵਿਖੇ ਸਥਿਤ ਸਾਈਕਲ ਵੈਲੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਨਵੇਂ ਚੁਣੇ ਪੰਚਾਇਤ ਮੈਂਬਰਾਂ (ਪੰਚਾਂ) ਨੂੰ ਅਹੁਦੇ ਦੀ ਸਹੁੰ ਚੁੱਕਾਉਣਗੇ। ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਹ ਸਮਾਗਮ ਕਰਵਾਉਣ ਦਾ ਉਪਰਾਲਾ ਹੇਠਲੇ ਪੱਧਰ ਉਤੇ ਜਮਹੂਰੀਅਤ ਨੂੰ ਹੋਰ ਮਜ਼ਬੂਤ ਕਰੇਗਾ ਕਿਉਂਕਿ ਪੰਚਾਇਤਾਂ ਨੂੰ ‘ਜਮਹੂਰੀਅਤ ਦੇ ਥੰਮ’ ਵਜੋਂ ਜਾਣਿਆ ਜਾਂਦਾ ਹੈ। ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਜ਼ਿਲ੍ਹਾ ਲੁਧਿਆਣਾ ਵਿੱਚ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਜ਼ਿਲ੍ਹਾ ਦੀਆਂ ਨਵੀਆਂ ਚੁਣੀਆਂ 941 ਗਰਾਮ ਪੰਚਾਇਤਾਂ ਦੇ 6306 ਪੰਚਾਇਤ ਮੈਂਬਰਾਂ (ਪੰਚਾਂ) ਨੂੰ ਕੈਬਨਿਟ ਮੰਤਰੀ ਸ੍ਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅਹੁਦੇ ਦੀ ਸਹੁੰ ਚੁੱਕਾਉਣਗੇ। ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਨੂੰ ਨਾਲ ਲੈ ਕੇ ਜ਼ਿਲ੍ਹਾ ਪੱਧਰੀ ਸਮਾਗਮ ਵਾਲੀ ਥਾਂ ਦਾ ਦੌਰਾ ਕੀਤਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਾਰੇ ਚੱਲ ਰਹੇ ਪ੍ਰਬੰਧਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟ੍ਰੈਫਿਕ ਦੀ ਸੁਚਾਰੂ ਵਿਵਸਥਾ, ਵਾਹਨਾਂ ਦੀ ਪਾਰਕਿੰਗ ਅਤੇ ਹੋਰ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਕਿ ਦੂਰ-ਨੇੜੇ ਤੋਂ ਪਹੁੰਚਣ ਵਾਲੇ ਲੋਕ ਸੁਖਾਲੇ ਢੰਗ ਨਾਲ ਸਮਾਗਮ ਵਾਲੀ ਥਾਂ ਉਤੇ ਪਹੁੰਚ ਸਕਣ।