ਚੋਗਾ

ਮੇਲਾ ਪੂਰੇ ਜੋਬਨ ’ਤੇ ਸੀ। ਗਾਇਕ ਕਲਾਕਾਰ ਟਪੂਸੀਆਂ ਮਾਰ-ਮਾਰ ਅਸਲੋਂ ਅਸ਼ਲੀਲ ਗੀਤ ਗਾ ਰਿਹਾ ਸੀ, ਹੇਠਾਂ ਤੋਂ ਇਕ ਬਜ਼ੁਰਗ ਉੱਠਿਆ ਉਸ ਨੇ ਇਕ ਹੱਥ ਵਿਚ ਸੌ ਰੁਪਈਆਂ ਫੜਿਆ ਹੋਇਆ ਸੀ, ਸਟੇਜ ਦੇ ਨੇੜੇ ਆ ਗਿਆ ਜਦੋ ਉਸ ਨੇ ਗਾਇਕ ਵੱਲ ਸੋ ਦਾ ਨੋਟ ਵਧਾਇਆ ਤਾਂ ਕਲਾਕਾਰ ਸਾਹਿਬ ਜਿਉਂ ਹੀ ਨੇੜੇ ਹੋ ਕੇ ਨੀਵੀਂ ਪਾ ਕੇ ਬਾਪੂ ਦਾ ਨਾਂਅ ਪੁੱਛਣ ਲੱਗਾ ਤਾਂ ਬਾਪੂ ਨੇ ਜ਼ੋਰ ਨਾਲ ਮੂੰਹ ’ਤੇ ਥੱਪੜ ਜੜ ਦਿੱਤਾ। ਚਾਰੇ ਪਾਸੇ ਰੌਲਾ ਪੈ ਗਿਆ। ਪ੍ਰਬੰਧਕ ਭੱਜੇ ਆਏ ਅਤੇ ਪੱਤਰਕਾਰ ਵੀ ਪਹੁੰਚ ਗਏ। ਉਹ ਬਾਪੂ ਨੂੰ ਪੁੱਛਣ ਲੱਗੇ ਬਾਪੂ ਜੀ ਇਹ ਕੀ ਚੱਕਰ ਸੀ ਪਹਿਲਾਂ ਤਾਂ ਤੁਸੀਂ ਕਲਾਕਾਰ ਨੂੰ ਇਨਾਮ ਦੇਣ ਲਈ ਸੌ ਰੁਪਈਆ ਉਸ ਦੇ ਮੂਹਰੇ ਕੀਤਾ ਜਦੋਂ ਉਹ ਨੀਵੀਂ  ਪਾ ਕੇ ਫੜਨ ਲੱਗਾ ਤਾਂ ਤੁਸ ਥੱਪੜ ਜੜ ਦਿੱਤਾ। ਬਾਪੂ ਕਹਿੰਦਾ, ‘ਇਸ ਨੂੰ ਕੋਈ ਪੁੱਛਣ ਵਾਲਾ ਹੋਵੇ ਕਿ ਐਡੇ ਮਹਾਨ ਗਾਇਕ ਕਲਾਕਾਰ ‘ਲਾਲ ਚੰਦ ਯਮਲਾ ਜੱਟ’ ਦੀ ਯਾਦ ਵਿਚ ਅਸੀਂ ਮੇਲਾ ਕਰਵਾ ਰਹੇ ਹਾਂ, ਅਸੀਂ ਐਨਾ ਪੈਸਾ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਲਾਉਂਦੇ ਹਾਂ ਕੀ ਯਮਲਾ ਜੱਟ ਅਜਿਹੇ ਗੰਦੇ ਗੀਤ ਗਾਉਂਦਾ ਸੀ’। ਪੱਤਰਕਾਰ ਕਹਿੰਦੇ, ‘ਚਲੋਂ ਬਾਪੂ ਜੀ ਉਹ ਤਾਂ ਅਸੀਂ ਮੰਨਦੇ ਹਾਂ ਕਿ ਐਡੇ ਵੱਡੇ ਗਾਇਕ ਦਾ ਖਿਆਲ ਰੱਖਣਾ ਚਾਹੀਦਾ ਸੀ, ਸਾਹਮਣੇ ਵੀ ਸਾਡੀਆਂ ਧੀਆਂ-ਭੈਣਾ ਬੈਠੀਆਂ ਸਨ ਪਰ ਤੁਸੀਂ ਇਕ ਹੱਥ ਸੌ ਰੁਪਈਆ ਕਿਉਂ ਫੜ੍ਹਿਆ ਹੋਇਆ ਸੀ। ਉਸ ਗੱਲ ਦੀ ਸਾਨੂੰ ਸਮਝ ਨਹੀਂ ਆਈ।’ ‘ਪੁੱਤਰੋ ਜਦੋਂ ਮੈਂ ਵੇਖਿਆ ਕਿ ਇਹ ਨੌਜਵਾਨ ਹੈ ਬਾਂਦਰ ਵਾਂਗ ਟੱਪਦਾ ਹੈ ਜੇ ਮੈਂ ਸਟੇਜ ਉੱਪਰ ਚੜ੍ਹ ਕੇ ਫੜਿਆ ਤਾਂ ਇਸ ਨੇ ਲੋਟ ਨਹੀਂ ਆਉਣਾ। ਚੋਗੇ ਨਾਲ ਕਿਹੜੀ ਚੀਜ਼ ਨਹੀਂ ਫੜੀ ਜਾ ਸਕਦੀ। ਹਰ ਸ਼ੈਅ ਚੋਗੇ ਨਾਲ ਕਾਬੂ ਆ ਜਾਂਦੀ ਹੈ ਇਹ ਤਾਂ ਪੁੱਤਰੋ ਉਹ ਨੂੰ ਕਾਬੂ ਕਰਨ ਲਈ ਮੈਂ ਤਾਂ ਚੋਗਾ ਪਾਇਆ ਸੀ’। ਸਾਰੇ ਪੱਤਰਕਾਰ ਅਤੇ ਪ੍ਰਬੰਧਕ ਬਾਪੂ ਦੀ ਚੋਗੇ ਵਾਲੀ ਗੱਲ ਸੁਣ ਕੇ ਪੂਰੇ ਜ਼ੋਰ ਦੀ ਖਿੜਖਿੜਾ ਕੇ ਹੱਸਦੇ ਅਤੇ ਦੂਹਰੇ ਹੁੰਦੇ ਜਾਣ। ਕੋਲ ਖੜ੍ਹੇ ਕਲਾਕਾਰ ਦੀ ਅੰਦਰੋਂ ਧਾਹ ਨਿਕਲ ਰਹੀ ਸੀ। ਬਾਕੀ ਕਲਾਕਾਰ ਉਸ ਨੂੰ ਸਮਝਾ ਰਹੇ ਸਨ, ਕੋਈ ਗੱਲ ਨਹੀਂ ਬਜ਼ੁਰਗ ਨੇ, ਬਜ਼ੁਰਗਾਂ ਦਾ ਫ਼ਰਜ਼ ਬਣਦਾ ਹੈ ਆਪਾਂ ਨੂੰ ਸਮਝਾਉਣਾ। ਕਲਾਕਾਰ ਨਿੰਮੋਝੂਣਾ ਹੋਇਆ ਬਿਨਾਂ ਮਾਣ-ਸਨਮਾਨ ਲਿਆ ਗੱਡੀ ਵਿਚ ਬੈਠ ਕੇ ਛੂ-ਮੰਤਰ ਹੋ ਗਿਆ ਸੀ।